ਜਲੰਧਰ, 12 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਪੰਜਾਬ ਹਾਲੇ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਸਾਰੇ ਪਾਸੇ ਪਾਣੀ ਨੇ ਕਹਿਰ ਮਚਾਇਆ ਹੋਇਆ ਹੈ। ਕਈ ਪਿੰਡ ਤਬਾਹ ਹੋ ਗਏ ਹਨ, ਕਈ ਜਾਨਾਂ ਗਈਆਂ, ਪਸ਼ੂਆਂ ਮਰੇ। ਹੜ੍ਹ ਤੋਂ ਬਾਅਦ ਭਾਵੇਂ ਪਾਣੀ ਹੌਲੀ-ਹੌਲੀ ਘੱਟ ਰਿਹਾ ਹੈ, ਪਰ ਸੈਂਕੜੇ ਜਾਨਵਰਾਂ ਦੀ ਮੌਤ ਕਾਰਨ ਕਈ ਬਿਮਾਰੀਆਂ ਫੈਲਣੀਆਂ ਸ਼ੁਰੂ ਹੋ ਗਈਆਂ ਹਨ। ਗੰਦੇ ਪਾਣੀ ਕਾਰਨ ਮੱਛਰ ਦਾ ਵਾਧਾ ਹੋ ਰਿਹਾ ਹੈ। ਜਿਸ ਕਾਰਨ ਡੇਂਗੂ ਵਰਗੀ ਭਿਆਨਕ ਬਿਮਾਰੀ ਨੇ ਹੁਣ ਪੰਜਾਬ ਤੇ ਕਬਜ਼ਾ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਕਈ ਪਿੰਡਾਂ ਵਿੱਚ ਡੇਂਗੂ ਪਾਜ਼ਿਟਿਵ ਦੇ ਕਈ ਮਰੀਜ਼ ਦੇ ਆਉਣ ਨਾਲ ਲੋਕਾਂ ਵਿਚ ਬਿਮਾਰੀ ਦਾ ਡਰ ਫੈਲ ਗਿਆ ਹੈ। ਬੀਤੇ ਦਿਨੀ 5 ਲੋਕਾਂ ਦੀ ਡੇਂਗੂ ਰਿਪੋਰਟ ਪਾਜ਼ਿਟਿਵ ਆਉਣ ਕਾਰਨ ਜ਼ਿਲ੍ਹੇ ਵਿੱਚ ਡੇਂਗੂ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 15 ਤੱਕ ਪਹੁੰਚ ਗਈ ਹੈ। ਇਹਨਾਂ ਵਿੱਚੋਂ 6 ਮਰੀਜ਼ ਸ਼ਹਿਰੀ ਇਲਾਕਿਆਂ ਦੇ ਹਨ, ਜਦਕਿ 9 ਮਰੀਜ਼ ਪਿੰਡਾਂ ਦੇ ਰਹਿਣ ਵਾਲੇ ਹਨ।
ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਅਤੇ ਡੇਂਗੂ ਫੈਲਣ ਤੋਂ ਬਚਾਅ ਲਈ ਜਲਦੀ ਕਾਰਵਾਈ ਕਰਨ ਦੀ ਪੰਜਾਬ ਸਰਕਾਰ ਨੂੰ ਸਿਫਾਰਿਸ਼ ਕੀਤੀ ਹੈ। ਸਿਹਤ ਅਧਿਕਾਰੀਆਂ ਨੇ ਉਥੋਂ ਦੇ ਵਸਨੀਕਾਂ ਨੂੰ ਖੁੱਲ੍ਹੇ ਪਾਣੀ ਦੇ ਟੰਕੀ, ਘਰ ਦੇ ਬਾਹਰ ਪਏ ਬੇਕਾਰ ਹੋਏ ਬਰਤਨ, ਜਿਨ੍ਹਾਂ ਵਿਚ ਮੱਛਰ ਪੈਦਾ ਹੋ ਸਕਦੇ ਹਨ, ਢੱਕ ਕੇ ਰੱਖਣ ਲਈ ਕਿਹਾ ਅਤੇ ਸਾਫ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਹੈ। ਲੋਕ ਆਪਣੀ ਸਿਹਤ ਦਾ ਪੂਰੀ ਤਰ੍ਹਾਂ ਧਿਆਨ ਰੱਖਣ ਅਤੇ ਡੇਂਗੂ ਦੇ ਲੱਛਣ ਆਉਣ ‘ਤੇ ਤੁਰੰਤ ਡਾਕਟਰੀ ਸਹਾਇਤਾ ਲੈਣ।
ਉਹਨਾਂ ਦੱਸਿਆ ਕਿ ਡੇਂਗੂ ਦੀ ਬਿਮਾਰੀ ਮੱਛਰਾਂ ਤੋਂ ਪੈਦਾ ਹੁੰਦੀ ਹੈ, ਜਿਸਦੇ ਮੁੱਖ ਲੱਛਣਾਂ ਵਿੱਚ ਤੇਜ਼ ਬੁਖਾਰ, ਸਿਰ ਦਰਦ, ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਦਰਦ, ਥਕਾਵਟ ਅਤੇ ਚੱਕਰ ਆਉਣਾ ਸ਼ਾਮਿਲ ਹਨ। ਡੇਂਗੂ ਦੇ ਇਲਾਜ ਲਈ ਵਿਸ਼ੇਸ਼ ਦਵਾਈ ਨਹੀਂ ਹੈ, ਪਰ ਮਰੀਜ਼ ਨੂੰ ਪੂਰਾ ਆਰਾਮ ਕਰਵਾਉਣਾ, ਜ਼ਿਆਦਾ ਪਾਣੀ ਪਿਲਾਉਣਾ ਅਤੇ ਬੁਖਾਰ ਘਟਾਉਣ ਵਾਲੀਆਂ ਦਵਾਈਆਂ ਵਰਤਣਾ ਜ਼ਰੂਰੀ ਹੈ। ਜੇ ਲੱਛਣ ਗੰਭੀਰ ਹੋਣ, ਰਕਤ ਕਮੀ ਜਾਂ ਥਕਾਵਟ ਵਧਣ ਦੀ ਸਥਿਤੀ ਆਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜ਼ਿਲ੍ਹਾ ਐਪੀਡੈਮੋਲੋਜਿਸਟ ਡਾ. ਆਦਿਤਿਆ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਐਂਟੀ-ਲਾਰਵਾ ਟੀਮਾਂ ਨੇ 3065 ਘਰਾਂ ਦਾ ਸਰਵੇ ਕੀਤਾ ਅਤੇ 15 ਥਾਵਾਂ ‘ਤੇ ਡੇਂਗੂ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਮਿਲਿਆ। ਵਿਭਾਗ ਦੀਆਂ ਟੀਮਾਂ ਹੁਣ ਤੱਕ ਜ਼ਿਲ੍ਹੇ ਵਿੱਚ 408757 ਘਰਾਂ ਦਾ ਸਰਵੇ ਕਰ ਚੁੱਕੀਆਂ ਹਨ ਅਤੇ ਇਸ ਦੌਰਾਨ 1122 ਘਰਾਂ ਅਤੇ 1258 ਕੰਟੇਨਰਾਂ ਵਿੱਚ ਲਾਰਵਾ ਮਿਲਿਆ, ਜਿਸ ਨੂੰ ਉਨ੍ਹਾਂ ਨੇ ਪੂਰੀ ਤਰ੍ਹਾਂ ਨਸ਼ਟ ਕਰਵਾ ਦਿੱਤਾ।







