Home ਪਟਿਆਲਾ ਅਪਡੇਟ ਮੋਦੀ ਦਾ ਐਲਾਨ ਹੜ ਪੀੜਤਾਂ ਦੇ ਜ਼ਖਮਾਂ ‘ਤੇ ਨਮਕ ਛਿੜਕਣ ਦੇ ਬਰਾਬਰ...

ਮੋਦੀ ਦਾ ਐਲਾਨ ਹੜ ਪੀੜਤਾਂ ਦੇ ਜ਼ਖਮਾਂ ‘ਤੇ ਨਮਕ ਛਿੜਕਣ ਦੇ ਬਰਾਬਰ – ਰਣਜੋਧ ਹਡਾਣਾ, ਪ੍ਰਦੀਪ ਜੋਸਨ

0

ਪਟਿਆਲਾ 11 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਕੇਂਦਰ ਸਰਕਾਰ ਦੇ ਐਲਾਨ ਨੂੰ ਲੈ ਕੇ ਜਿੱਥੇ ਸੱਤਾ ਧਾਰੀ ਪਾਰਟੀਆਂ ਅਤੇ ਵਿਰੋਧੀ ਪਾਰਟੀਆਂ ਵਿੱਚ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਹੜ ਪੀੜਤਾਂ ਲੋਕਾਂ ਦਾ ਕਹਿਣਾ ਹੈ  ਕਿ ਉਨ੍ਹਾਂ ਦੇ ਘਰਾਂ ਦੀ ਮੁੜ ਤਾਮੀਰ, ਫ਼ਸਲਾਂ ਦੇ ਮੁਆਵਜ਼ੇ ਅਤੇ ਰੋਜ਼ਾਨਾ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਇਹ ਰਕਮ ਕੁਝ ਵੀ ਨਹੀਂ। ਦੱਸ ਦੇਈਏ ਕਿ ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇਪੰਜਾਬ ਫੇਰੀ ਦੌਰਾਨ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ। ਪਰ ਇਸ ਐਲਾਨ ਨੂੰ ਲੈ ਕੇ ਕਈ ਆਗੂਆਂ ਨੇ ਸਵਾਲ ਖੜੇ ਕੀਤੇ ਹਨ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਹੋਰ ਸੰਗਠਨਾਂ ਵੱਲੋਂ ਪ੍ਰਧਾਨ ਮੰਤਰੀ ਦੇ ਐਲਾਨ ਨੂੰ ਹੜ ਪੀੜਤਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਦੱਸਿਆ ਗਿਆ।

ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ ਆਰ ਟੀ ਤੇ ਸਟੇਟ ਸੈਕਟਰੀ ਪੰਜਾਬ ਅਤੇ ਪ੍ਰਦੀਪ ਜੋਸਨ ਨਗਰ ਕੌਂਸਲ ਸਨੌਰ ਨੇ ਵੀ ਇੱਕ ਵਿਸ਼ੇਸ਼ ਮੀਟਿੰਗ ਉਪਰੰਤ ਸਾਂਝੇ ਤੌਰ ਤੇ ਤਿੱਖੇ ਸ਼ਬਦਾਂ ਵਿੱਚ ਨਰਿੰਦਰ ਮੋਦੀ ਵਲੋਂ ਕੀਤੇ ਐਲਾਨ ਨੂੰ ਹੜ ਪੀੜਤਾਂ ਨਾਲ ਕੀਤਾ ਕੋਝਾ ਮਜ਼ਾਕ ਦੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਹ ਐਲਾਨ ਸਿਰਫ਼ ਲੋਕਾਂ ਨੂੰ ਭਰਮਾਉਣ ਵਾਲਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਹੜਾਂ ਕਾਰਨ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਲੋਕਾਂ ਦੇ ਘਰ, ਫ਼ਸਲਾਂ, ਪਸ਼ੂ-ਧਨ ਤਬਾਹ ਹੋ ਗਏ ਪਰ ਕੇਂਦਰ ਵੱਲੋਂ ਦਿੱਤਾ ਗਿਆ 1600 ਕਰੋੜ ਦਾ ਪੈਕੇਜ ਬਿਲਕੁਲ ਨਾ ਕਾਫੀ ਹੈ। ਹਡਾਣਾ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਇਹ ਰਕਮ ਪੰਜਾਬ ਦੀ ਜਨਤਾ ਨਾਲ ਮਜਾਕ ਦੇ ਬਰਾਬਰ ਹੈ, ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਉਪਰੋਕਤ ਨੇ ਕਿਹਾ ਕਿ ਸੂਬੇ ਨੂੰ ਘੱਟੋ-ਘੱਟ 20 ਹਜ਼ਾਰ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਚਾਹੀਦੀ ਸੀ ਤਾਂ ਜੋ ਖੇਤੀਬਾੜੀ, ਸੜਕਾਂ, ਘਰਾਂ ਅਤੇ ਹੋਰ ਢਾਂਚੇ ਨੂੰ ਮੁੜ ਬਣਾਇਆ ਜਾ ਸਕੇ। ਉਨ੍ਹਾਂ ਦਾ ਕਹਿਣਾ ਸੀ ਕਿ ਮੋਦੀ ਦਾ ਐਲਾਨ ਹੜ ਪੀੜਤਾਂ ਦੇ ਜ਼ਖਮਾਂ ‘ਤੇ ਨਮਕ ਛਿੜਕਣ ਦੇ ਬਰਾਬਰ ਹੈ।
ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਮੁਸੀਬਤ ਵਿੱਚ ਆਉਂਦਾ ਹੈ, ਕੇਂਦਰ ਹਮੇਸ਼ਾ ਉਸਦੀ ਅਣਦੇਖੀ ਕਰਦਾ ਹੈ। ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਵੀ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਜੇ ਕੇਂਦਰ ਸਰਕਾਰ ਤੁਰੰਤ ਵੱਡਾ ਪੈਕੇਜ ਜਾਰੀ ਨਹੀਂ ਕਰਦੀ, ਤਾਂ ਵੱਡੇ ਪੱਧਰ ‘ਤੇ ਅੰਦੋਲਨ ਕੀਤਾ ਜਾਵੇਗਾ।

ਰਣਜੋਧ ਸਿੰਘ ਹਡਾਣਾ ਨੇ ਅੰਤ ਵਿੱਚ ਕਿਹਾ ਕਿ ਹੜਾਂ ਕਾਰਨ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਲੋਕ ਤਬਾਹ ਹੋਏ ਹਨ, ਪਰ ਕੇਂਦਰ ਸਰਕਾਰ ਦਾ ਰਵੱਈਆ ਬੇਹੱਦ ਨਿਰਾਸ਼ਾਜਨਕ ਹੈ। ਇਹ ਸਹਾਇਤਾ ਨਹੀਂ, ਸਗੋਂ ਪੰਜਾਬ ਦੇ ਲੋਕਾਂ ਨਾਲ ਤਿਰਸਕਾਰ ਹੈ ਅਤੇ ਇਸਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹੋਰ ਵਰਕਰ ਵੀ ਮੌਜੂਦ ਸਨ.

Exit mobile version