11 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਹਾਲਾਂਕਿ ਦੋ ਦਿਨ ਮੌਸਮ ਸਾਫ ਰਹਿਣ ਕਾਰਨ ਤੇਜ਼ ਧੁੱਪ ਲੱਗ ਰਹੀ ਹੈ ਅਤੇ ਮੀਂਹ ਤੋਂ ਬਚਾਅ ਰਿਹਾ ਪਰ ਘੱਗਰ ਵਿੱਚ ਪਿਛੋਂ ਆ ਰਹੇ ਪਾਣੀ ਦਾ ਵਹਾਅ ਕਦੇ ਘਟ ਜਾਂਦਾ ਹੈ ਤੇ ਕਦੇ ਵੱਧ ਜਾਂਦਾ ਹੈ। ਜਿਸ ਕਾਰਨ ਨਾਲ ਲੱਗਦੇ ਪਿੰਡਾਂ ਵਿਚ ਅਜੇ ਵੀ ਹੜ੍ਹਾਂ ਦਾ ਖਤਰਾ ਬਰਕਰਾਰ ਹੈ। ਮਿਲੀ ਜਾਣਕਾਰੀ ਅਨੁਸਾਰ ਸਵੇਰੇ ਹਰਚੰਦਪੁਰਾ ਨੇੜੇ ਘੱਗਰ ਨਦੀ ਵਿੱਚ ਅਚਾਨਕ ਪਾੜ ਦਿਖਾਈ ਦਿੱਤਾ, ਜਿਸ ਨਾਲ ਪਿੰਡ ਵਾਸੀਆਂ ਵਿੱਚ ਦਹਿਸ਼ਤ ਫੈਲ ਗਈ। ਪਾੜ ਪੈਣ ਦੀ ਖਬਰ ਸੁਣ ਕੇ ਪਿੰਡ ਵਾਸੀ ਉੱਥੇ ਇਕੱਠੇ ਹੋ ਗਏ।
ਦੱਸ ਦਈਏ ਕਿ ਖਨੌਰੀ ਹੈੱਡਵਰਕਸ ‘ਤੇ ਪਾਣੀ ਦਾ ਪੱਧਰ ਲਗਾਤਾਰ ਖਤਰੇ ਦੇ ਨਿਸ਼ਾਨ ਤੋਂ ਲਗਭਗ ਢਾਈ ਫੁੱਟ ਉੱਪਰ ਵਹਿ ਰਿਹਾ ਹੈ। ਸਵੇਰੇ 6 ਵਜੇ ਪਾਣੀ ਦਾ ਪੱਧਰ 750.6 ਫੁੱਟ ਅਤੇ 14,450 ਕਿਊਸਿਕ ਮਾਪਿਆ ਗਿਆ। ਇਸ ਪਾੜ ਵਿਚੋਂ ਪਾਣੀ ਹਰਚੰਦਪੁਰਾ ਪਿੰਡ ਵੱਲ ਜਾ ਰਿਹਾ ਹੈ। ਅਨਾਉਂਸਮੈਂਟ ਕਰਵਾ ਦਿੱਤੀ ਗਈ ਅਤੇ ਸਭ ਨੂੰ ਅਲਰਟ ਵੀ ਜ਼ਾਰੀ ਕਰ ਦਿੱਤਾ ਗਿਆ ਹੈ। ਪਿੰਡ ਵਾਲਿਆਂ ਨੇ ਰਲ ਕੇ ਇਸ ਪਾੜ ਦੀ ਭਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ।
ਦਿੱਲੀ-ਜੰਮੂ ਕਟੜਾ ਐਕਸਪ੍ਰੈਸਵੇਅ ‘ਤੇ ਸ਼ੁਤਰਾਣਾ ਦੇ ਨੇੜੇ ਪਿੰਡਾਂ – ਸ਼ੁਤਰਾਣਾ, ਰਸੂਲਲੀ, ਨਾਈਵਾਲਾ, ਜੋਗੇਵਾਲ, ਗੁਲਾਹੜ, ਹੋਤੀਪੁਰ ਅਤੇ ਨਵਾਂ ਪਿੰਡ – ਦੇ ਕਿਸਾਨ ਲਈ ਵੀ 24 ਘੰਟੇ ਖ਼ਤਰਾ ਬਣਿਆ ਹੋਇਆ ਹੈ। ਪਿੰਡਾਂ ਦੇ ਲੋਕ ਲਗਾਤਾਰ ਦਰਿਆ ‘ਤੇ ਨਜ਼ਰ ਰੱਖ ਰਹੇ ਹਨ।








