ਚੰਡੀਗੜ੍ਹ 7 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਚੰਡੀਗੜ੍ਹ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨੇ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਮੌਸਮ ਵਿਭਾਗ ਦੇ ਅਨੁਸਾਰ, ਸੋਮਵਾਰ ਨੂੰ ਦਿਨ ਦੀ ਸ਼ੁਰੂਆਤ ਕੁਝ ਧੁੱਪ ਨਾਲ ਹੋ ਸਕਦੀ ਹੈ, ਪਰ ਦੁਪਹਿਰ ਦੇ ਸਮੇਂ ਬਾਰਿਸ਼ ਹੋ ਸਕਦੀ ਹੈ। ਵੱਧ ਤੋਂ ਵੱਧ ਤਾਪਮਾਨ ਲਗਭਗ 32 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।
ਇਸ ਵਾਰ ਬਾਰਿਸ਼ ਕਾਰਨ ਤਾਂ ਲੋਕਾਂ ਦੇ ਚੰਗੇ-ਚੰਗੇ ਮਕਾਨਾਂ ਦੇ ਲੈਂਟਰ ਤੋਂ ਪਾਣੀ ਟਪਕਣ ਲੱਗਾ, ਤਾਂ ਫਿਰ ਸੋਚੋ ਜੋ ਝੁੱਗੀਆਂ ਵਿੱਚ ਰਹਿੰਦੇ ਹਨ, ਉਹਨਾਂ ਦੀ ਕੀ ਹਾਲਤ ਹੋਵੇਗੀ। ਲੋਕਾਂ ਕੋਲ ਮਕਾਨ ਦੀ ਮਰੰਮਤ ਕਰਨ ਦਾ ਵੀ ਸਮਾਂ ਨਹੀਂ ਮਿਲ ਰਿਹਾ।
ਸੁਖਨਾ ਲੇਕ ਦਾ ਪਾਣੀ ਖਤਰੇ ਦੇ ਪੱਧਰ ਤੋਂ ਘੱਟ ਗਿਆ ਹੈ। ਸੁਖਨਾ ਲੇਕ ਦਾ ਫਲੱਡ ਗੇਟ ਪਾਣੀ ਜ਼ਿਆਦਾ ਹੋਣ ਕਾਰਨ ਕਈ ਵਾਰ ਖੋਲਿਆ ਗਿਆ ਸੀ, ਪਰ ਇਸ ਸਮੇਂ ਸੁਖਨਾ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ।
ਚੰਡੀਗੜ੍ਹ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਸ਼ਹਿਰ ਦੇ ਜਲਾਸ਼ਿਆਂ ਅਤੇ ਚੋਆਂ ਵਿੱਚ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨਿਸ਼ਾਂਤ ਕੁਮਾਰ ਯਾਦਵ ਨੇ ਹੁਕਮ ਜਾਰੀ ਕਰਕੇ ਸਾਫ਼ ਕੀਤਾ ਹੈ ਕਿ ਕਿਸੇ ਵੀ ਵਿਅਕਤੀ ਜਾਂ ਉਸਦੇ ਪਾਲਤੂ ਪਸ਼ੂ ਨੂੰ ਤਾਲਾਬ, ਨਾਲੇ, ਚੋਏ, ਝੀਲ, ਪੋਖਰ ਜਾਂ ਹੋਰ ਕਿਸੇ ਵੀ ਜਲਾਸ਼ਯ ਵਿੱਚ ਪ੍ਰਵੇਸ਼ ਕਰਨ ਦੀ ਸਖ਼ਤ ਮਨਾਹੀ ਹੋਵੇਗੀ। ਇਸ ਕਰਕੇ ਲੋਕਾਂ ਦਾ ਤੈਰਨ, ਨਹਾਉਣ, ਮੱਛੀ ਫੜਨ ਜਾਂ ਕਿਸੇ ਹੋਰ ਮਕਸਦ ਲਈ ਇਨ੍ਹਾਂ ਥਾਵਾਂ ‘ਤੇ ਜਾਣਾ ਉਹਨਾਂ ਦੀ ਜਾਨ ਲਈ ਖ਼ਤਰਨਾਕ ਹੋ ਸਕਦਾ ਹੈ। ਇਹ ਪਾਬੰਦੀ 2 ਸਤੰਬਰ 2025 ਦੀ ਅੱਧੀ ਰਾਤ ਤੋਂ ਲਾਗੂ ਹੋ ਕੇ 31 ਅਕਤੂਬਰ 2025 ਤੱਕ ਪ੍ਰਭਾਵੀ ਰਹੇਗੀ। ਹੁਕਮ ਦੀ ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ।







