HomeUncategorized3 ਮਹੀਨਿਆ ‘ਚ 271 ਫੂਡ ਸੇਫ਼ਟੀ ਲਾਇਸੈਂਸ ਜਾਰੀ, 495 ਦੀ ਹੋਈ ਰਜਿਸਟਰੇਸ਼ਨ-...

3 ਮਹੀਨਿਆ ‘ਚ 271 ਫੂਡ ਸੇਫ਼ਟੀ ਲਾਇਸੈਂਸ ਜਾਰੀ, 495 ਦੀ ਹੋਈ ਰਜਿਸਟਰੇਸ਼ਨ- ਡਿਪਟੀ ਕਮਿਸ਼ਨਰ

ਪਟਿਆਲਾ, 2 ਸਤੰਬਰ, 2025 (ਸ਼ਹੀਦ—ਏ—ਆਜ਼ਮ ਬਿਓਰੋ):

ਬਰਸਾਤਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ ਨੇ ਫੂਡ ਸੇਫ਼ਟੀ ਵਿਭਾਗ ਦੀ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਦੌਰਾਨ ਫੂਡ ਸੇਫ਼ਟੀ ਟੀਮ ਨੂੰ ਸਟ੍ਰੀਟ ਫੂਡ ਵੈਂਡਰਾਂ ਦੀ ਚੈਕਿੰਗ ਅਤੇ ਸੁਰੱਖਿਆ ਦੀ ਜਾਂਚ ਕਰਨ ਦੀ ਹਦਾਇਤ ਦਿੱਤੀ ਤਾਂ ਜੋ ਜਨਤਾ ਨੂੰ ਗੰਦੇ ਪਾਣੀ ਤੋਂ ਬਚਾਇਆ ਜਾ ਸਕੇ। ਉਹਨਾਂ ਮੀਟਿੰਗ ਦੌਰਾਨ ਮਈ ਤੋਂ ਜੁਲਾਈ ਤੱਕ ਫੂਡ ਸੇਫ਼ਟੀ ਵਿਭਾਗ ਵੱਲੋਂ ਕੀਤੇ ਗਏ ਕਾਰਜਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ।

ਮੀਟਿੰਗ ਦੌਰਾਨ ਜ਼ਿਲ੍ਹਾ ਸਿਹਤ ਅਫ਼ਸਰ ਡਾ: ਗੁਰਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 271 ਫੂਡ ਸੇਫ਼ਟੀ ਲਾਇਸੈਂਸ ਜਾਰੀ ਕੀਤੇ ਗਏ ਅਤੇ 495 ਫੂਡ ਸੇਫ਼ਟੀ ਰਜਿਸਟਰੇਸ਼ਨਾਂ ਹੋਈਆਂ। ਉਹਨਾਂ ਦੱਸਿਆ ਕਿ ਫੂਡ ਸੇਫ਼ਟੀ ਵਿਭਾਗ ਵੱਲੋਂ ਈਟ ਰਾਈਟ ਕੈਂਪਸ, ਈਟ ਰਾਈਟ ਸਕੂਲ ਅਤੇ ਈਟ ਰਾਈਟ ਸਟੇਸ਼ਨ ਪ੍ਰੋਗਰਾਮਾਂ ਦੇ ਜ਼ਰੀਏ ਸਿਹਤਮੰਦ ਖੁਰਾਕ ਨੂੰ ਪ੍ਰੋਤਸਾਹਿਤ ਕਰਨ ਲਈ ਕਈ ਕੈਂਪ, ਸਕੂਲ ਅਤੇ ਵੱਖ-ਵੱਖ ਥਾਵਾਂ ‘ ਤੇ ਸੈਸ਼ਨ ਕਰਵਾਏ ਗਏ ਹਨ।

ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਇਸ ਸਬੰਧੀ ਲਗਾਤਾਰ ਕੰਮ ਕਰਨ ਦੀ ਜ਼ਰੂਰਤ ਹੈ। ਉਹਨਾਂ ਸ਼ਹਿਰ ਵਿੱਚ ਲੱਗਣ ਵਾਲੀਆਂ ਰੇਹੜੀ ਵਾਲਿਆਂ ਦੀ ਰਜਿਸਟਰ੍ਰੇਸ਼ਨ ਕਰਵਾਉਣ ਲਈ ਮਿਊਂਸਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਜ਼ਿਲ੍ਹਾ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਦੇਣ ਲਈ ਕਿਹਾ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਖਾਣ ਪੀਣ ਵਾਲੀਆਂ ਵਸਤਾਂ ਦੀ ਵਿੱਕਰੀ ਅਤੇ ਉਤਪਾਦ ਕਰ ਰਹੇ ਅਦਾਰਿਆਂ ਦੀ ਚੈਕਿੰਗ ਵਧਾਉਣ ਅਤੇ ਫੂਡ ਸੈਂਪਲਿੰਗ ਵਧਾਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ।

ਉਹਨਾਂ ਮੀਟਿੰਗ ਦੌਰਾਨ ਸਕੂਲ ਦੇ ਨੇੜਲੇ ਇਲਾਕਿਆਂ ਵਿੱਚ ਹਾਈ-ਕੈਫ਼ੀਨ ਵਰਗੇ ਪੀਣਯੋਗ ਪਦਾਰਥਾਂ ਤੇ  ਸਰਕਾਰ ਵੱਲੋਂ ਲਗਾਏ ਗਏ ਪਾਬੰਦੀ ਦੇ ਹੁਕਮਾਂ ਦੀ ਪਾਲਣਾ ਕਰਨ ਦੇ ਸਖ਼ਤ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ, ਮਿਡ ਡੇ ਮੀਲ ਕੇਂਦਰਾਂ ਅਤੇ ਆਂਗਨਵਾੜੀ ਕੇਂਦਰਾਂ ਨੂੰ ਫੂਡ ਸੇਫ਼ਟੀ ਰਜਿਸਟਰੇਸ਼ਨ ਤੁਰੰਤ ਪੂਰਾ ਕਰਨ ਦੀ ਹਦਾਇਤ ਕੀਤੀ ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਅਤੇ ਪੋਸ਼ਣਯੋਗ ਖੁਰਾਕ ਮੁਹੱਈਆ ਕਰਵਾਈ ਜਾ ਸਕੇ।

ਇਸ ਮੌਕੇ ਵੱਖ-ਵੱਖ ਵਿਭਾਗ ਦੇ ਅਧਿਕਾਰੀ ਅਤੇ ਐਨ.ਜੀ.ਓਜ਼ ਹਾਜ਼ਰ ਸਨ ।

RELATED ARTICLES
- Advertisment -
Google search engine
Google search engine
Google search engine

Most Popular

Recent Comments