ਯੂਕੇ 28 ਅਗਸਤ (ਸ਼ਹੀਦ—ਏ—ਆਜ਼ਮ ਬਿਓਰੋ): ਹਾਲ ਹੀ ਵਿੱਚ ਯੂਕੇ ਵਿੱਚ ਵੁਲਵਰਹੈਂਪਟਨ ਰੇਲਵੇ ਸਟੇਸ਼ਨ ਦੇ ਨੇੜੇ ਦੋ ਸਿੱਖ ਟੈਕਸੀ ਡਰਾਈਵਰਾਂ ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ‘ਚ ਜ਼ਖਮੀ ਹੋਏ ਵਿਕਅਤੀਆਂ ਦੇ ਨਾਮ ਸਤਨਾਮ ਸਿੰਘ ਅਤੇ ਜਸਬੀਰ ਸੰਘਾ ਹਨ। ਸਤਨਾਮ ਸਿੰਘ 64 ਸਾਲ ਦੇ ਹਨ ਅਤੇ ਜਸਬੀਰ ਸਿੰਘ 72 ਸਾਲ ਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਵੁਲਵਰਹੈਂਪਟਨ ਰੇਲਵੇ ਸਟੇਸ਼ਨ ਦੇ ਬਾਹਰ ਕੁਝ ਆਦਮੀਆਂ ਨੇ ਉਨ੍ਹਾਂ ‘ਤੇ ਹਮਲਾ ਕੀਤਾ ਸੀ, ਜਿਸ ਮਗਰੋਂ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਬਚਾਇਆ। ਪੁਲਿਸ ਫਿਲਹਾਲ ਇਸ ਹਮਲੇ ਨੂੰ ਨਸਲੀ ਤੌਰ ‘ਤੇ ਭੜਕਾਊ ਹਮਲਾ ਮੰਨ ਰਹੀ ਹੈ।
ਜਸਬੀਰ ਸੰਘਾ ਨੇ ਦੱਸਿਆ ਕਿ ਇਸ ਹਮਲੇ ਵਿੱਚ ਉਨ੍ਹਾਂ ਦੀਆਂ ਦੋ ਪਸਲੀਆਂ ਟੁੱਟ ਗਈਆਂ ਹਨ । “ਕੁਝ ਵੀ ਹੋ ਸਕਦਾ ਸੀ… ਕੁਝ ਵੀ… ਮੈਨੂੰ ਜਾਨੋਂ ਵੀ ਮਾਰਿਆ ਜਾ ਸਕਦਾ ਸੀ…।”
ਉਨ੍ਹਾਂ ਇਹ ਵੀ ਦੱਸਿਆ ਕਿ ਸਤਨਾਮ ਸਿੰਘ ਦੀ ਹਮਲੇ ਦੌਰਾਨ ਪੱਗ ਲਹਿ ਗਈ ਸੀ ਅਤੇ ਉਨ੍ਹਾਂ ਨੂੰ ਲੱਤਾਂ ਅਤੇ ਮੁੱਕੇ ਮਾਰੇ ਗਏ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ ਨੇ ਕਿਹਾ ਕਿ ਹਮਲੇ ਦੇ ਸਬੰਧ ਵਿੱਚ ਇੱਕ 17 ਸਾਲਾ ਮੁੰਡੇ ਅਤੇ 19 ਤੇ 25 ਸਾਲ ਦੇ ਦੋ ਆਦਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।
ਦੋਵਾਂ ਪੀੜਤਾਂ ਨੇ ਦੱਸਿਆ ਕਿ ਉਹ ਸਟੇਸ਼ਨ ਦੇ ਬਾਹਰ ਕੰਮ ‘ਤੇ ਸਨ ਜਦੋਂ ਤਿੰਨ ਆਦਮੀ ਸਤਨਾਮ ਸਿੰਘ ਕੋਲ ਆਏ ਅਤੇ ਗਾਲਾਂ ਕੱਢਦੇ ਹੋਏ ਅਤੇ ਨਸਲੀ ਭਾਸ਼ਾ ਦੀ ਵਰਤੋਂ ਕਰਦੇ ਹੋਏ ਕੁਝ ਮੰਗਾਂ ਕਰਨ ਲੱਗ ਪਏ।
ਜਦੋਂ ਜਸਬੀਰ ਸੰਘਾ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਸਤਨਾਮ ਸਿੰਘ ਨੂੰ ਧੱਕਾ ਦੇ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਸਤਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪੱਗ ਉਤਰਨ ਕਾਰਨ ਉਨ੍ਹਾਂ ਨੂੰ ਬਹੁਤ ਠੇਸ ਪਹੁੰਚੀ ਹੈ ਕਿਉਂਕਿ ਇਹ ਕੇਸਾਂ ਨੂੰ ਢਕਦੀ ਹੈ ਅਤੇ ਇਹ ਸਿੱਖਾਂ ਦੁਆਰਾ ਪਹਿਨੇ ਜਾਣ ਵਾਲੇ ਪੰਜ ਕਰਾਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਖਾਲਸਾ ਧਰਮ ਵਿੱਚ ਬਹੁਤ ਅਹਿਮ ਮੰਨਿਆ ਜਾਂਦਾ ਹੈ।
ਦੋਵਾਂ ਨੇ ਕਿਹਾ ਕਿ ਉਹ ਉਨ੍ਹਾਂ ਦੋ ਮਹਿਲਾਵਾਂ ਦੇ ਧੰਨਵਾਦੀ ਹਨ ਜੋ ਉਨ੍ਹਾਂ ਦੀ ਮਦਦ ਲਈ ਅੱਗੇ ਆਈਆਂ ਅਤੇ ਹਮਲੇ ਨੂੰ ਰੋਕਣ ਵਿੱਚ ਮਦਦ ਕੀਤੀ। ਸਤਨਾਮ ਸਿੰਘ ਨੇ ਕਿਹਾ, “ਜਦੋਂ ਉਸ ਨੇ ਮੈਨੂੰ ਜ਼ਮੀਨ ‘ਤੇ ਸੁੱਟ ਦਿੱਤਾ… ਅਤੇ ਜਦੋਂ ਮੈਂ ਬਾਅਦ ਵਿੱਚ ਉੱਠਿਆ, ਮੈਂ ਬੈਠਣ ਦੀ ਕੋਸ਼ਿਸ਼ ਕੀਤੀ, ਜਦੋਂ ਮੈਂ ਦੇਖਿਆ ਕਿ ਮੇਰੇ ਸਿਰ ‘ਤੇ ਪੱਗ ਹੀ ਨਹੀਂ ਹੈ… ਮੈਨੂੰ ਇੰਝ ਲੱਗਾ ਕਿ ਮੈਂ ਮਰ ਗਿਆ ਹਾਂ।” ਉਨ੍ਹਾਂ ਕਿਹਾ ਕਿ ਇਸ ਹਮਲੇ ਨੇ ਉਨ੍ਹਾਂ ਵਿੱਚ ‘ਬਹੁਤ ਨਿਰਾਸ਼ਾ ਅਤੇ ਡਰ’ ਭਰ ਦਿੱਤਾ।
ਜਸਬੀਰ ਸੰਘਾ ਨੇ ਕਿਹਾ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਚਿਹਰੇ ‘ਤੇ ਮੁੱਕਾ ਮਾਰਿਆ ਅਤੇ ਫਿਰ ਆਦਮੀਆਂ ਨੇ ਉਨ੍ਹਾਂ ‘ਤੇ ਹਮਲਾ ਬੋਲ ਦਿੱਤਾ। ਉਨ੍ਹਾਂ ਕਿਹਾ, “ਮੈਂ ਸਿਰਫ਼ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਸਭ ਬਹੁਤ ਜਲਦੀ ਹੋਇਆ ਅਤੇ ਮੈਂ ਜ਼ਮੀਨ ‘ਤੇ ਸੀ।” “ਬਾਅਦ ਵਿੱਚ ਮੈਨੂੰ ਸਿਰਫ਼ ਇੱਕ ਮੁੰਡਾ ਦਿਖਾਈ ਦੇ ਰਿਹਾ ਸੀ ਜੋ ਮੈਨੂੰ ਲੱਤ ਮਾਰ ਰਿਹਾ ਸੀ।”
ਸਿੱਖ ਫੈਡਰੇਸ਼ਨ ਯੂਕੇ ਦੇ ਜਸ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਸਿੱਖਾਂ ਦੀ ਸੁਰੱਖਿਆ ਲਈ ਹੋਰ ਕਦਮ ਚੁੱਕੇ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਨਿਗਰਾਨੀ ਕਰਨ ਵਿੱਚ ਮਦਦ ਕਰੇ।
