24 ਅਗਸਤ (ਸ਼ਹੀਦ—ਏ—ਆਜ਼ਮ ਬਿਓਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਇਸ ਦੀਵਾਲੀ ‘ਤੇ ਦੇਸ਼ ਵਾਸੀਆਂ ਨੂੰ ਇੱਕ ਵੱਡਾ ਤੋਹਫ਼ਾ ਮਿਲਣ ਵਾਲਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ, “ਪਿਛਲੇ ਅੱਠ ਸਾਲਾਂ ਵਿੱਚ ਅਸੀਂ ਜੀਐਸਟੀ ਵਿੱਚ ਵੱਡਾ ਸੁਧਾਰ ਕੀਤਾ ਹੈ। ਦੇਸ਼ ਭਰ ਵਿੱਚ ਟੈਕਸ ਦਾ ਬੋਝ ਘਟਾਇਆ ਹੈ। ਟੈਕਸ ਪ੍ਰਬੰਧਾਂ ਨੂੰ ਸੌਖਾ ਬਣਾਇਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਦੀਵਾਲੀ ‘ਤੇ ਦੋਹਰੀ ਰਾਹਤ ਦੀ ਗੱਲ ਕੀਤੀ ਹੈ ਅਤੇ ਵੱਡੀ ਟੈਕਸ ਛੋਟ ਦੇਣ ਦਾ ਵਾਅਦਾ ਕੀਤਾ ਹੈ। ਇਸ ਬਿਆਨ ਤੋਂ ਬਾਅਦ ਹੁਣ ਮਾਹਰ ਵੀ ਅਨੁਮਾਨ ਲਗਾ ਰਹੇ ਹਨ ਕਿ ਆਮ ਲੋਕਾਂ ਨੂੰ ਕਿਹੜੇ ਖੇਤਰਾਂ ਵਿੱਚ ਵੱਡੀ ਟੈਕਸ ਰਾਹਤ ਮਿਲ ਸਕਦੀ ਹੈ।
ਮੀਟਿੰਗ ਤੋਂ ਬਾਅਦ ਬਿਹਾਰ ਦੇ ਵਿੱਤ ਮੰਤਰੀ ਸਮਰਾਟ ਚੌਧਰੀ ਨੇ ਕਿਹਾ, “ਕੇਂਦਰ ਸਰਕਾਰ ਵੱਲੋਂ 12% ਅਤੇ 28% ਸਲੈਬਾਂ ਨੂੰ ਖਤਮ ਕਰਨ ਦੇ ਪ੍ਰਸਤਾਵ ਹਨ। ਅਸੀਂ ਉਸ ਪ੍ਰਸਤਾਵ ‘ਤੇ ਵਿਚਾਰ ਕੀਤਾ ਹੈ ਅਤੇ ਸਮਰਥਨ ਕੀਤਾ ਹੈ। ਹੁਣ ਜੀਐਸਟੀ ਕੌਂਸਲ ਇਸ ‘ਤੇ ਫੈਸਲਾ ਕਰੇਗੀ।”
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਪਹਿਲੀ ਮੀਟਿੰਗ ਜੀਵਨ ਅਤੇ ਸਿਹਤ ਬੀਮੇ ਬਾਰੇ ਸੀ। ਸਾਲ 2017 ਤੋਂ, ਜਦੋਂ ਤੋਂ ਦੇਸ਼ ਵਿੱਚ ਜੀਐਸਟੀ ਲਾਗੂ ਕੀਤਾ ਗਿਆ ਹੈ, ਇਸ ਵਿੱਚ ਅੱਠ ਸਾਲਾਂ ਵਿੱਚ 27 ਵਾਰ ਸੋਧ ਕੀਤੀ ਗਈ ਹੈ ਅਤੇ ਜੀਐਸਟੀ ਦਰ (ਵੱਖ-ਵੱਖ ਵਸਤੂਆਂ ‘ਤੇ) 15 ਵਾਰ ਘਟਾਈ ਗਈ ਹੈ।” ਕੇਂਦਰ ਸਰਕਾਰ ਦੇ ਪ੍ਰਸਤਾਵ ਅਨੁਸਾਰ, ਜੇਕਰ ਸਿਹਤ ਅਤੇ ਜੀਵਨ ਬੀਮੇ ‘ਤੇ ਜੀਐਸਟੀ ਹਟਾ ਦਿੱਤਾ ਜਾਂਦਾ ਹੈ ਤਾਂ ਇਹ ਖਪਤਕਾਰਾਂ ਲਈ ਵੱਡੀ ਰਾਹਤ ਹੋਵੇਗੀ।
ਜੇਕਰ ਜੀਐਸਟੀ ਕੌਂਸਲ ਸਰਕਾਰ ਦੇ ਪ੍ਰਸਤਾਵਾਂ ਨੂੰ ਸਵੀਕਾਰ ਕਰ ਲੈਂਦੀ ਹੈ ਤਾਂ ਇਸਦਾ ਸਿੱਧਾ ਅਰਥ ਇਹ ਹੋਵੇਗਾ ਕਿ ਜਿਨ੍ਹਾਂ ਚੀਜ਼ਾਂ ‘ਤੇ ਇਸ ਸਮੇਂ 28% ਟੈਕਸ ਲਗਾਇਆ ਜਾਂਦਾ ਸੀ, ਉਹ ਵੱਧ ਤੋਂ ਵੱਧ 18% ਰਹਿ ਜਾਵੇਗਾ।
ਇਸਦੇ ਨਾਲ ਜਿਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਘਟਣਗੀਆਂ, ਉਨ੍ਹਾਂ ਵਿੱਚ ਮੋਟਰਸਾਈਕਲ, ਸਾਈਕਲ, ਕਈ ਤਰ੍ਹਾਂ ਦੇ ਮੋਟਰ ਵਾਹਨ, ਕੁਝ ਟਰੈਕਟਰ, ਕਈ ਬਿਜਲੀ ਸਿੰਚਾਈ ਉਪਕਰਣ, ਏਅਰ ਕੰਡੀਸ਼ਨਿੰਗ ਮਸ਼ੀਨ, ਬਿਜਲੀ ਨਾਲ ਚੱਲਣ ਵਾਲੇ ਪੱਖੇ ਅਤੇ ਹੋਰ ਬਹੁਤ ਸਾਰੇ ਉਪਕਰਣ ਸ਼ਾਮਲ ਹਨ।
ਦੂਜੇ ਪਾਸੇ, ਜੇਕਰ 12% ਸਲੈਬ ਨੂੰ ਜੀਐਸਟੀ ਤੋਂ ਖਤਮ ਕਰ ਦਿੱਤਾ ਜਾਂਦਾ ਹੈ ਤਾਂ ਸਰਕਾਰ ਦੇ ਵਾਅਦੇ ਅਨੁਸਾਰ, ਲੋਕਾਂ ਨੂੰ ਇਸ ਸਲੈਬ ਦੇ ਅਧੀਨ ਆਉਣ ਵਾਲੀਆਂ ਚੀਜ਼ਾਂ ‘ਤੇ ਵੀ ਰਾਹਤ ਮਿਲ ਸਕਦੀ ਹੈ, ਜਿਸ ਵਿੱਚ ਕੰਡੈਂਸਡ ਮਿਲਕ, ਮੱਖਣ, ਘਿਓ ਅਤੇ ਸਪ੍ਰੈਡ ਚੀਜ਼, ਖਜੂਰ, ਜੈਮ, ਫਰੂਟ ਜੈਲੀ, ਨਟਸ (ਤਰ੍ਹਾਂ-ਤਰ੍ਹਾਂ ਦੀਆਂ ਗਿਰੀਆਂ), ਡਾਇਬਿਟਿਕ ਫੂਡ, ਇਲਾਜ ਵਿੱਚ ਵਰਤੀ ਜਾਣ ਵਾਲੀ ਆਕਸੀਜਨ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹਨ।
