ਮੋਹਾਲੀ 23 ਅਗਸਤ : ਜਸਵਿੰਦਰ ਭੱਲਾ ਦਾ ਅੱਜ ਮੋਹਾਲੀ ਵਿੱਚ ਇੱਕ ਗਮਗੀਨ ਮਾਹੌਲ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਦੀ ਦੇਹ ਨੂੰ ਉਨ੍ਹਾਂ ਦੇ ਘਰ ਤੋਂ ਫੁੱਲਾਂ ਨਾਲ ਸਜਾਈ ਬੱਸ ਵਿੱਚ ਸ਼ਮਸ਼ਾਨਘਾਟ ਲਿਆਂਦਾ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਫਿਲਮ ਜਗਤ ਦੀਆਂ ਹਸਤੀਆਂ ਸਮੇਤ ਕਈ ਲੋਕ ਉਨ੍ਹਾਂ ਨੂੰ ਵਿਦਾਇਗੀ ਦੇਣ ਲਈ ਪਹੁੰਚੇ।
ਪੰਜਾਬੀ ਫਿਲਮ ਜਗਤ ਦੀਆਂ ਕਈ ਹਸਤੀਆਂ ਗਿੱਪੀ ਗਰੇਵਾਲ, ਨੀਰੂ ਬਾਜਵਾ ਅਤੇ ਕਾਮੇਡੀਅਨ ਬੀ.ਐਨ. ਸ਼ਰਮਾ ਮੌਜੂਦ ਸਨ। ਇਸ ਦੇ ਨਾਲ ਹੀ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਭੱਲਾ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ।
ਅੰਤਿਮ ਸੰਸਕਾਰ ਦੌਰਾਨ ਜਦੋਂ ਪੁੱਤਰ ਨੇ ਆਪਣੇ ਪਿਤਾ ਨੂੰ ਚਿਤਾ ਨੂੰ ਅੱਗ ਲਗਾ ਕੇ ਅਲਵਿਦਾ ਕਿਹਾ ਤਾਂ ਮਾਹੌਲ ਭਾਵੁਕ ਹੋ ਗਿਆ । ਇਸ ਦੌਰਾਨ ਪਰਿਵਾਰ ਅਤੇ ਅਜ਼ੀਜ਼ਾਂ ਦੀਆਂ ਅੱਖਾਂ ਨਮ ਹੋ ਗਈਆਂ। ਭੀੜ ਨੂੰ ਕਾਬੂ ਕਰਨ ਲਈ ਸ਼ਮਸ਼ਾਨਘਾਟ ‘ਤੇ ਸਖ਼ਤ ਪੁਲਿਸ ਪ੍ਰਬੰਧ ਕੀਤੇ ਗਏ ਸਨ।
ਜਸਵਿੰਦਰ ਭੱਲਾ ਦੇ ਅਚਾਨਕ ਚਲੇ ਜਾਣ ਨਾਲ ਪੰਜਾਬੀ ਫਿਲਮ ਇੰਡਸਟਰੀ ਅਤੇ ਦਰਸ਼ਕਾਂ ਵਿੱਚ ਸੋਗ ਦੀ ਲਹਿਰ ਹੈ। ਕਾਮੇਡੀ ਵਿੱਚ ਉਨ੍ਹਾਂ ਦੇ ਸਾਥੀ ਰਹੇ ਗੁਰਪ੍ਰੀਤ ਘੁੱਗੀ ਨੇ ਵੀ ਅੱਖਾਂ ਵਿੱਚ ਹੰਝੂ ਭਰ ਕੇ ਉਨ੍ਹਾਂ ਨੂੰ ਅਲਵਿਦਾ ਕਿਹਾ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਭੱਲਾ ਸਾਬ੍ਹ ਵਰਗੇ ਕਲਾਕਾਰ ਸਾਲਾਂ ਬਾਅਦ ਮਿਲਦੇ ਹਨ, ਆਪਣੇ ਪੁਰਾਣੇ ਸਾਥੀ ਨੂੰ ਯਾਦ ਕਰ ਕੇ ਭਾਵੁਕ ਹੋ ਗਏ।







