ਪਟਿਆਲਾ, 22 ਅਗਸਤ (ਸ਼ਹੀਦ—ਏ—ਆਜ਼ਮ ਬਿਓਰੋ): ਠੱਗੀ ਦੀ ਸ਼ਿਕਾਰ ਔਰਤ ਰਿਟਾਇਰਡ ਵਾਈਸ ਪ੍ਰਿੰਸੀਪਲ ਚੰਡੀਗੜ੍ਹ ਵਿੱਚ ਰਹਿੰਦੇ ਹਨ। ਜਿਨ੍ਹਾਂ ਨੂੰ ਸਾਈਬਰ ਠੱਗਾਂ ਨੇ 5 ਦਿਨ ਲਗਾਤਾਰ ਡਿਜੀਟਲ ਅਰੈਸਟ ਕਰਕੇ ਰੱਖਿਆ ਅਤੇ ਉਨ੍ਹਾਂ ਕੋਲੋਂ ਫਰਜ਼ੀ ਸੀਬੀਆਈ ਅਧਿਕਾਰੀ ਬਣ ਕੇ ਲਗਭਗ 78 ਲੱਖ ਰੁਪਏ ਠੱਗ ਲਏ।
ਉਨ੍ਹਾਂ ਦੱਸਿਆ ਉਹ ਕਈ ਸਾਲ ਪਹਿਲਾਂ ਇੱਕ ਸਰਕਾਰੀ ਸਕੂਲ ਵਿੱਚ ਅੰਗਰੇਜ਼ੀ ਦੇ ਅਧਿਆਪਕ ਸਨ ਅਤੇ ਬਾਅਦ ਵਿੱਚ ਵਾਈਸ ਪ੍ਰਿੰਸੀਪਲ ਦੇ ਤੌਰ ‘ਤੇ ਰਿਟਾਇਰ ਹੋ ਚੁੱਕੇ ਹਨ। ਉਨ੍ਹਾਂ ਦੇ ਪਤੀ ਦੀ ਅੱਜ ਤੋਂ 15 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਬੱਚੇ ਵੀ ਕੰਮਕਾਰ ਦੇ ਸਿਲਸਿਲੇ ਵਿੱਚ ਘਰੋਂ ਬਾਹਰ ਰਹਿੰਦੇ ਹਨ। ਜਿਸ ਕਰਕੇ ਉਹ ਇਕੱਲੇ ਆਪਣੇ ਚੰਡੀਗੜ੍ਹ ਵਾਲੇ ਘਰ ਵਿੱਚ ਰਹਿ ਰਹੇ ਹਨ।
ਉਨ੍ਹਾਂ ਨੇ ਅੱਗੇ ਕਿਹਾ, “5 ਦਿਨ ਉਹ ਹਰ ਪਲ਼ ਮੈਨੂੰ ਵੱਟਸ ਕਾਲ ਲਗਾ ਕੇ ਰੱਖਦੇ ਸਨ, ਮੈਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਕਿ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਵਾਂਗੇ, 10 ਜੁਲਾਈ ਨੂੰ ਮੈਨੂੰ ਮੇਰੇ ਵੱਟਸਐਪ ਉੱਤੇ ਇੱਕ ਵੀਡੀਓ ਕਾਲ ਆਈ ਜਿਸ ਵਿੱਚ ਇੱਕ ਵਿਅਕਤੀ ਆਪਣੇ ਆਪ ਨੂੰ ਸੀਬੀਆਈ ਦਾ ਅਧਿਕਾਰੀ ਦੱਸ ਰਿਹਾ ਸੀ। ਉਸਨੇ ਮੈਨੂੰ ਕਿਹਾ ਕਿ ਮੁੰਬਈ ਵਿੱਚ ਕੈਨਰਾ ਬੈਂਕ ਵਿੱਚ ਮੇਰਾ ਕੋਈ ਖਾਤਾ ਖੁੱਲ੍ਹਿਆ ਹੋਇਆ ਹੈ।”
“ਫੇਰ ਮੈਂ ਉਨ੍ਹਾਂ ਨੂੰ ਕਹਿ ਦਿੱਤਾ ਕਿ ਨਹੀਂ ਮੇਰਾ ਖਾਤਾ ਤਾਂ ਚੰਡੀਗੜ੍ਹ ਵਿੱਚ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਤੁਹਾਡਾ ਨਾਮ ਮਨੀ ਲੌਂਡ੍ਰਿੰਗ ਦੇ ਕੇਸ ਵਿੱਚ ਆਇਆ ਹੈ। ਤੁਹਾਡੇ ਖਾਤੇ ਵਿੱਚ 6 ਕਰੋੜ ਰੁਪਏ ਪਏ ਹਨ।”
ਇਨ੍ਹਾਂ ਲੋਕਾਂ ਨੇ ਆਪਣੀ ਪਛਾਣ ਵਿਜੇ ਖੰਨਾ ਅਤੇ ਵਿਸ਼ਾਲ ਗੁਪਤਾ ਵਜੋਂ ਕਰਵਾਈ, ਦੋਵਾਂ ਨੇ ਪੁਲਿਸ ਦੀ ਵਰਦੀ ਪਹਿਨੀ ਹੋਈ ਸੀ। ਇੱਕ ਨੇ ਆਪਣੇ ਆਪ ਨੂੰ ਐੱਸਐੱਚਓ ਦੱਸਿਆ ਅਤੇ ਦੂਜੇ ਨੇ ਆਪਣੇ ਆਪ ਨੂੰ ਜਾਂਚ ਅਧਿਕਾਰੀ ਵਜੋਂ ਪੇਸ਼ ਕੀਤਾ।
“ਉਨ੍ਹਾਂ ਨੇ ਮੈਨੂੰ ਕਿਹਾ ਕਿ ਮੇਰੇ ਆਧਾਰ ਕਾਰਡ ਦੀ ਵਰਤੋਂ ਮੁੰਬਈ ਵਿੱਚ ਕੋਈ ਜਾਅਲੀ ਸਿਮ ਕਾਰਡ ਜਾਰੀ ਕਰਨ ਅਤੇ ਬੈਂਕ ਖਾਤੇ ਖੋਲ੍ਹਣ ਲਈ ਕੀਤੀ ਗਈ ਹੈ। ਜਿਸ ਦੇ ਜਵਾਬ ਵਿੱਚ ਮੈਂ ਜਵਾਬ ਦਿੱਤਾ ਕਿ ਮੈਂ ਪਿਛਲੇ ਦੋ ਦਹਾਕਿਆਂ ਤੋਂ ਕਦੇ ਮੁੰਬਈ ਨਹੀਂ ਗਈ।” “ਉਨ੍ਹਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਮੁੰਬਈ ਵਿੱਚ ਮੇਰੇ ਵਿਰੁੱਧ ਮਨੀ ਲੌਂਡ੍ਰਿੰਗ ਲਈ ਐੱਫਆਈਆਰ ਦਰਜ ਕੀਤੀ ਗਈ ਹੈ। ਮੇਰੇ ਤੋਂ ਬੈਂਕ ਖਾਤਿਆਂ ਅਤੇ ਨਿਵੇਸ਼ ਦੇ ਵੇਰਵੇ ਮੰਗੇ ਗਏ ਸਨ ਅਤੇ ਕਿਹਾ ਗਿਆ ਕਿ ਜੇਕਰ ਮੈਂ ਕੋਈ ਵੇਰਵੇ ਨਹੀਂ ਦਿੱਤੇ ਤਾਂ ਮੇਰੇ ਖਾਤੇ ਫ੍ਰੀਜ਼ ਕਰ ਦਿੱਤੇ ਜਾਣਗੇ।”
ਔਰਤ ਦੀ ਸ਼ਿਕਾਇਤ ਉੱਤੇ ਸਾਈਬਰ ਥਾਣਾ ਚੰਡੀਗੜ੍ਹ ਵਿੱਚ 15 ਜੁਲਾਈ 2025 ਨੂੰ ਇੱਕ ਐੱਫਆਈਆਰ ਦਰਜ ਹੋਈ। ਧਾਰਾ 308, 319 (2), 318 (4), 336 (3), 338, 340 (2), 61 (2) ਬੀਐੱਨਐੱਸ ਅਧੀਨ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਮੁਤਾਬਕ ਜਾਂਚ ਦੌਰਾਨ ਸੀਏਐੱਫ ਅਤੇ ਬੈਂਕ ਕੇਵਾਈਸੀ ਵੇਰਵਿਆਂ ਤੋਂ ਮਹਾਰਾਸ਼ਟਰ ਦੇ ਨਿਵਾਸੀ ਸਾਜਿਦ ਅਹਿਮਦ ਪਟੇਲ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ। ਜਿਸ ਤੋਂ ਬਾਅਦ ਮਹਾਰਾਸ਼ਟਰ ਵਿੱਚ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕੀਤੀ ਗਈ ਅਤੇ 14 ਅਗਸਤ 2025 ਨੂੰ 30 ਸਾਲਾ ਸਾਜਿਦ ਅਹਿਮਦ ਪਟੇਲ ਨੂੰ ਗ੍ਰਿਫ਼ਤਾਰ ਕੀਤਾ ਗਿਆ, ਸਾਜਿਦ ਅਹਿਮਦ ਤੋਂ ਇੱਕ ਵੀਵੋ ਮੋਬਾਈਲ ਫੋਨ, ਇੱਕ ਪੈਨ ਕਾਰਡ ਅਤੇ ਇੱਕ ਏਟੀਐੱਮ ਕਾਰਡ ਬਰਾਮਦ ਕੀਤਾ ਗਿਆ।
ਇਸ ਤੋਂ ਬਾਅਦ ਸਾਜਿਦ ਅਹਿਮਦ ਪਟੇਲ ਤੋਂ ਕੀਤੀ ਗਈ ਪੁੱਛ-ਪੜਤਾਲ ਦੇ ਅਧਾਰ ‘ਤੇ ਇੱਕ ਹੋਰ ਵਿਅਕਤੀ 37 ਸਾਲ ਦੇ ਸਈਦ ਰਫ਼ੀਕ ਮੁੱਲਾ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦੇ ਕੋਲੋਂ ਦੋ ਸੈਮਸੰਗ ਫੋਲਡ 5 ਮੋਬਾਈਲ ਫੋਨ, ਇੱਕ ਓਪੋ ਫੋਨ, ਆਧਾਰ ਕਾਰਡ, ਦੋ ਪੈਨ ਕਾਰਡ, ਇੱਕ ਏਟੀਐੱਮ ਕਾਰਡ ਅਤੇ ਇੱਕ ਡਰਾਈਵਿੰਗ ਲਾਇਸੈਂਸ ਬਰਾਮਦ ਕੀਤਾ ਗਿਆ।
ਸਾਈਬਰ ਕਰਾਈਮ ਬ੍ਰਾਂਚ ਦੇ ਡੀਐੱਸਪੀ ਵੈਂਕਟੇਸ਼ ਨੇ ਕਿਹਾ ਕਿ ਇਸ ਕੇਸ ਦੀ ਜਾਂਚ ਗੰਭੀਰਤਾ ਨਾਲ ਚਲ ਰਹੀ ਹੈ, ਹੋਰ ਕਈ ਅਹਿਮ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ।








