ਦੱਸਣਯੋਗ ਹੈ ਕਿ ਸਿਵਲ ਹਸਪਤਾਲ ਰੂਪਨਗਰ ਦਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਸਿਹਤ ਮੰਤਰੀ ਨੇ, ਮਰੀਜ਼ਾਂ ਨੂੰ ਹਸਪਤਾਲ਼ ਵੱਲੋਂ ਬਾਹਰੋਂ ਦਵਾਈਆਂ ਲਿਖਣ ਦਾ ਸਖ਼ਤ ਨੋਟਿਸ ਲਿਆ ਤੇ ਹਸਪਤਾਲ ਨੂੰ ‘ਕਾਰਨ ਦੱਸੋਂ’ ਨੋਟਿਸ ਜਾਰੀ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਦੇ ਤਹਿਤ ਸਰਕਾਰ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ, ਮੁਫ਼ਤ ਟੈਸਟ ਦੇਣ ਦੀ ਪਾਲਿਸੀ ਬਣਾਈ ਗਈ ਹੈ।
ਉਨ੍ਹਾਂ ਕਿਹਾ ਕਿ ਸਾਡੇ ਵੇਅਰ ਹਾਊਸ ਵਿੱਚ ਸਾਡੇ ਕੋਲ ਲਗਭਗ 400 ਕਿਸਮ ਦੀਆਂ ਦਵਾਈਆਂ ਖਰੀਦੀਆਂ ਹੋਈਆਂ ਹਨ, ਇਸ ਤੋਂ ਇਲਾਵਾ ਜੇਕਰ ਕੋਈ ਹੋਰ ਵੀ ਦਵਾਈ ਲਿਖਣੀ ਪੈਂਦੀ ਹੈ ਤਾਂ ਉਹ ਵੀ ਹਸਪਤਾਲ ਵੱਲੋਂ ਹੀ ਮੁਹੱਈਆ ਕਰਵਾਉਣੀ ਲਾਜ਼ਮੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਹਸਪਤਾਲਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਜਾ ਰਿਹਾ ਹੈ, ਹਸਪਤਾਲਾਂ ਦੀਆਂ ਨਵੀਆਂ ਇਮਾਰਤਾਂ ਉਸਾਰੀਆਂ ਜਾ ਰਹੀਆਂ ਹਨ, ਪੁਰਾਣੀਆਂ ਇਮਾਰਤਾਂ ਦਾ ਨਵੀਨੀਕਰਣ ਕੀਤਾ ਜਾ ਰਿਹਾ ਹੈ।ਇਸਦੇ ਨਾਲ ਹੀ ਸਰਕਾਰੀ ਹਸਪਤਾਲਾਂ ਦੀ ਕਾਰਗੁਜ਼ਾਰੀ ਤੇ ਸਮਰਥਾ ਵਧਾਉਣ ਲਈ 1000 ਡਾਕਟਰ ਜਲਦੀ ਹੀ ਭਰਤੀ ਕੀਤੇ ਜਾਣਗੇ। ਲੰਬੀ ਵੇਟਿੰਗ ਨੂੰ ਘਟਾਉਣ ਲਈ ਕਾਉਂਟਰ ਵੀ ਵਧਾਏ ਜਾ ਰਹੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਸਿਹਤਮੰਦ ਤੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਯਤਨਸ਼ੀਲ ਹੈ। ਜਿਸ ਲਈ ਇਨ੍ਹਾਂ ਸਾਰੇ ਪ੍ਰਬੰਧਾਂ ਵਿੱਚ ਜਿੱਥੇ ਕਿਤੇ ਕੋਈ ਘਾਟ ਹੈ, ਉਸਨੂੰ ਦੂਰ ਕਰਨ ਲਈ ਉਹ ਸਰਕਾਰੀ ਹਸਪਤਾਲਾਂ ਦਾ ਦੌਰਾ ਕਰਕੇ ਜਾਇਜ਼ਾ ਲੈ ਰਹੇ ਹਨ ਤੇ ਕੋਈ ਵੀ ਕਮੀ ਆਦਿ ਜਲਦ ਦੂਰ ਕਰ ਦਿੱਤੀ ਜਾਵੇਗੀ।







