ਪਟਿਆਲਾ 12 ਜੁਲਾਈ : ਨਗਰ ਨਿਗਮ ਵੱਲੋਂ ਲੋਕਾਂ ਲਈ ਬਣ ਰਹੀਆਂ ਸਿਰਦਰਦ ਮਨਮਰਜੀ ਨਾਲ ਕੀਤੀਆਂ ਉਸਾਰੀਆਂ ਨੂੰ ਨਕੇਲ ਪਾਈ ਜਾ ਰਹੀ ਹੈ। ਨਗਰ ਨਿਗਮ ਦੇ ਇੰਸਪੈਕਟਰ ਵਿਸ਼ਾਲ ਵਰਮਾ ਨੇ ਨਿਗਮ ਟੀਮ ਦੀ ਵਿਸ਼ੇਸ਼ ਟੀਮ ਨਾਲ ਸ਼ਹਿਰ ਦੀਆਂ ਕਈ ਰਿਹਾਇਸ਼ੀ ਇਲਾਕਿਆਂ ਵਿੱਚ ਬਣਾਏ ਗਏ ਗੈਰ ਕਾਨੂੰਨੀ ਪ੍ਰਵੇਸ਼ ਦੁਆਰ (ਗੇਟ) ਉਖਾੜ ਦਿੱਤੇ ਹਨ। ਨਿਗਮ ਦੇ ਅਧਿਕਾਰੀਆਂ ਦੇ ਕਹਿਣ ਮੁਤਾਬਕ ਇਸ ਨੂੰ ਰੋਕਣ ਲਈ ਪਹਿਲਾ ਵੀ ਨਿਗਮ ਵੱਲੋਂ ਆਦੇਸ਼ ਦਿੱਤੇ ਗਏ ਸਨ, ਪਰ ਉਸਾਰੀ ਬੰਦ ਕਰਨ ਦੀ ਬਜਾਏ ਹੋਰ ਤੇਜ਼ ਕਰ ਦਿੱਤੀ ਗਈ।
ਇੰਸਪੈਕਟਰ ਵਿਸ਼ਾਲ ਵਰਮਾ ਨੇ ਕਾਰਵਾਈ ਦਾ ਆਧਾਰ ਅਤੇ ਉਦੇਸ਼ ਦੱਸਦਿਆ ਕਿਹਾ ਕਿ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ ਕੋਲ ਇਸ ਸੰਬੰਧੀ ਸ਼ਿਕਾਇਤਾ ਆ ਰਹੀਆਂ ਸਨ। ਜਿਸ ਵਿੱਚ ਨਿੱਜੀ ਡਿਵੈਲਪਰਾਂ ਅਤੇ ਕੁੱਝ ਰਿਹਾਇਸ਼ੀ ਸਮੂਹਾਂ ਨੇ ਬਿਨਾਂ ਕਿਸੇ ਅਧਿਕਾਰਤ ਮਨਜ਼ੂਰੀ ਦੇ, ਜਨਤਕ ਸੜਕਾਂ ਅਤੇ ਗਲੀਆਂ ਦੇ ਸਿਰਿਆਂ ‘ਤੇ ਆਪਣੇ ਮਨਮਰਜੀ ਨਾਲ ਕੰਧਾਂ ਖੜ੍ਹੀਆਂ ਕਰਕੇ ਅਤੇ ਗੇਟ ਲਗਾ ਕੇ ਅਜਿਹੀਆਂ ਨਿਜੀ ਕਲੋਨੀਆਂ ਜਾਂ ਗਲੀਆਂ ਬਣਾ ਲਈਆਂ ਸਨ।
ਵਰਮਾ ਨੇ ਕਿਹਾ ਕਿ ਇਹ ਗੇਟ ਜਨਤਕ ਸੜਕਾਂ ‘ਤੇ ਆਮ ਲੋਕਾਂ, ਜਿਵੇਂ ਕਿ ਡਾਕੀਏ, ਐਂਬੂਲੈਂਸ, ਅੱਗ ਬੁਝਾਉਣ ਵਾਲੀਆਂ ਗੱਡੀਆਂ, ਅਤੇ ਸਧਾਰਣ ਲੋਕਾਂ ਦੀ ਆਵਾਜਾਈ ਨੂੰ ਰੋਕਦੇ ਸਨ। ਅਚਾਨਕ ਕਿਸੇ ਐਮਰਜੈਂਸੀ ਸਥਿਤੀ ਜਿਵੇਂ ਅੱਗ ਜਾਂ ਮੈਡੀਕਲ ਸਹਾਇਤਾ ਵਿੱਚ ਇਹ ਗੇਟ ਜਾਨ-ਮਾਲ ਦਾ ਨੁਕਸਾਨ ਦਾ ਕਾਰਨ ਬਣ ਸਕਦੇ ਸਨ। ਇੰਸਪੈਕਟਰ ਵਿਸ਼ਾਲ ਵਰਮਾ ਨੇ ਸੈਂਚਰੀ ਇੰਨਕਲੇਵ ਦੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਅੱਗੋਂ ਵੀ ਅਜਿਹੀ ਉਸਾਰੀ ਨਾ ਕੀਤੀ ਜਾਵੇ ਤਾਂ ਜ਼ੋ ਲੋਕਾ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਵੇ। ਇਸ ਮੌਕੇ ਇਲਾਕੇ ਦੇ ਲੋਕਾਂ ਵੱਲੋਂ ਵੀ ਨਿਗਮ ਟੀਮ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਗਿਆ।







