ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਵਿੱਚ ਅੱਜ ਤੜਕਸਾਰ ਵੱਡਾ ਐਨਕਾਊਂਟਰ ਹੋਇਆ ਹੈ ਜਿਸ ਵਿੱਚ ਨਸ਼ਾ ਤਸਕਰਾਂ ਵੱਲੋਂ ਪੁਲਸ ‘ਤੇ ਗੋਲ਼ੀਆਂ ਚਲਾਈਆਂ ਗਈਆਂ ਅਤੇ ਪੁਲਸ ਵੱਲੋਂ ਜਵਾਬੀ ਕਾਰਵਾਈ ‘ਚ 2 ਨਸ਼ਾ ਤਸਕਰਾਂ ਨੂੰ ਗੋਲੀ ਲੱਗੀ।
ਅੱਜ ਤੜਕੇ 6:15 ਵਜੇ ਕੋਟਲੀ ਗਾਜਰਾਂ ਰੇਲਵੇ ਅੰਡਰ ਬ੍ਰਿਜ ਹੇਠਾਂ ਪੁਲਿਸ ਵੱਲੋਂ ਨਾਕਾ ਲਗਾ ਕੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਰੁਕਣ ਲਈ ਕਿਹਾ ਤਾਂ ਨਸ਼ਾ ਤਸਕਰਾਂ ਨੇ ਪੁਲਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਅਤੇ ਜਵਾਬੀ ਕਾਰਵਾਈ ’ਚ ਤਸਕਰਾਂ ਦੀਆਂ ਲੱਤਾਂ ’ਤੇ ਗੋਲੀਆਂ ਲੱਗੀਆਂ। ਦੱਸ ਦਈਏ ਕਿ ਨਸ਼ਾ ਤਸਕਰਾਂ ਦੀ ਪਹਿਚਾਣ ਅਜੇ ਉਰਫ ਬਾਬਾ ਵਾਸੀ ਕੰਦੋਲਾ, ਲਖਵਿੰਦਰ ਖੰਨਾ ਵਾਸੀ ਥਾਣਾ ਲੋਹੀਆਂ ਵਜੋਂ ਹੋਈ ਹੈ। ਇਨ੍ਹਾਂ ਮੁਲਜ਼ਮਾਂ ਕੋਲੋਂ ਨਸ਼ੀਲੀਆਂ ਗੋਲੀਆਂ ਦੇ ਨਾਲ ਨਾਲ 32 ਬੋਰ ਦੇ ਪਿਸਤੌਲ ਤੇ ਕਾਰਤੂਸ ਬਰਾਮਦ ਹੋਏ ਹਨ। ਜ਼ਖ਼ਮੀ ਨਸ਼ਾ ਤਸਕਰਾਂ ਨੂੰ ਨਕੋਦਰ ਦੇ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਜਲੰਧਰ ਨੇ ਦੱਸਿਆ ਕਿ ਤਲਵੰਡੀ ਸੰਘੇੜਾ ਚੌਂਕੀ ਇੰਚਾਰਜ ਵੱਲੋਂ ਕਾਰਵਾਈ ਦੌਰਾਨ 2 ਸ਼ੱਕੀ ਨੌਜਵਾਨਾਂ ਦੀ ਜਾਣਕਾਰੀ ਥਾਣਾ ਸ਼ਾਹਕੋਟ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਭੁੱਲਰ ਮਿਲੀ। ਇਸ ‘ਤੇ ਕਾਰਵਾਈ ਕਰਦਿਆਂ ਐੱਸ. ਐੱਚ. ਓ. ਵੱਲੋਂ ਇਲਾਕੇ ਵਿੱਚ ਸ਼ੱਕੀ ਵਿਅਕਤੀਆਂ ਦੀ ਭਾਲ ਸ਼ੁਰੂ ਕੀਤੀ ਗਈ ਸੀ। ਜਿਸ ਤੋਂ ਬਾਅਦ ਉਪਰੋਕਤ ਕਾਰਵਾਈ ਕੀਤੀ ਗਈ।
