ਪਟਿਆਲਾ 22 ਮਈ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਅੱਜ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਦੀ ਅਗਵਾਈ ਹੇਠ ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ ‘ ਤੇ ਮਿਲੀਆਂ ਦੂਸਰੀਆਂ ਅਪੀਲਾਂ ਦੀ ਸੁਣਵਾਈ ਲਈ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ । ਇਸ ਮੌਕੇ ਮੁੱਖ ਮੰਤਰੀ ਫ਼ੀਲਡ ਅਫਸਰ ਸਤੀਸ਼ ਚੰਦਰ ਅਤੇ ਜ਼ਿਲ੍ਹਾ ਮਾਲ ਅਫਸਰ ਨਵਦੀਪ ਸਿੰਘ ਮੌਜੂਦ ਸਨ । ਕੈਂਪ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਨਾਲ ਸਬੰਧਤ 26 ਦੂਸਰੀ ਅਪੀਲਾਂ ਦੀ ਸੁਣਵਾਈ ਕੀਤੀ ਗਈ ।
ਮੁੱਖ ਮੰਤਰੀ ਫ਼ੀਲਡ ਅਫਸਰ ਨੇ ਮੌਕੇ ‘ ਤੇ ਹੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਤਤਕਾਲ ਨਿਪਟਾਰੇ ਲਈ ਸਖ਼ਤ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵਿਭਾਗੀ ਪੱਧਰ ਦੇ ਪਹਿਲੇ ਹੀ ਪੜਾਅ ‘ ਤੇ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕ ਭਟਕਣ ਤੋਂ ਬਚਣ ਅਤੇ ਉਹਨਾਂ ਨੂੰ ਨਿਆਂਇਕ ਸੁਣਵਾਈ ਦੀ ਭਰੋਸੇਯੋਗ ਪ੍ਰਣਾਲੀ ਮਿਲ ਸਕੇ ।
ਸੀ.ਐਮ.ਐਫ.ਓ ਨੇ ਦੱਸਿਆ ਕਿ ਜਦੋਂ ਕਿਸੇ ਵਿਭਾਗ ਵੱਲੋਂ ਦਿੱਤੇ ਜਵਾਬ ਤੋਂ ਸ਼ਿਕਾਇਤਕਰਤਾ ਸੰਤੂਸ਼ਟ ਨਹੀ ਹੁੰਦਾ ਤਾਂ ਉਹ ਪਹਿਲੀ ਅਤੇ ਫਿਰ ਦੂਸਰੀ ਅਪੀਲ ਕਰ ਸਕਦਾ ਹੈ । ਜਿਸ ਦੀ ਸੁਣਵਾਈ ਡਿਪਟੀ ਕਮਿਸ਼ਨਰ ਪੱਧਰ ‘ ਤੇ ਕੀਤੀ ਜਾਂਦੀ ਹੈ । ਉਹਨਾਂ ਕਿਹਾ ਕਿ ਇਹ ਵਿਸ਼ੇਸ਼ ਕੈਂਪ ਨਾਂ ਸਿਰਫ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਦਾ ਹੈ ਸਗੋਂ ਲੋਕਾਂ ਦਾ ਭਰੋਸਾ ਵੀ ਪ੍ਰਸ਼ਾਸ਼ਨ ਵਿੱਚ ਵਧਾਉਂਦਾ ਹੈ ।
ਮੁੱਖ ਮੰਤਰੀ ਫੀਲਡ ਅਫਸਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਆਪਣੀਆਂ ਸ਼ਿਕਾਇਤਾਂ ਦਾ ਹੱਲ ਕਰਵਾਉਣ ਪੁੱਜੇ ਲੋਕਾਂ ਨੇ ਪੰਜਾਬ ਸਰਕਾਰ ਦੇ ਇਸ ੳਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ ਤੇ ਪਾਈਆਂ ਸ਼ਿਕਾਇਤਾ ਦਾ ਸਮਾਂਬੱਧ ਨਿਪਟਾਰਾ ਹੁੰਦਾ ਹੈ ਅਤੇ ਜੇਕਰ ਸ਼ਿਕਾਇਤਕਰਤਾ ਵਿਭਾਗ ਦੇ ਜਵਾਬ ਤੋਂ ਸੰਤੁਸ਼ਟ ਨਹੀ ਹੁੰਦਾ ਤਾਂ ਅਜਿਹੇ ਕੈਂਪਾਂ ਰਾਹੀਂ ਡਿਪਟੀ ਕਮਿਸ਼ਨਰ ਵੱਲੋਂ ਖੁਦ ਸ਼ਿਕਾਇਤਕਰਤਾ ਦੀ ਨਿੱਜੀ ਸੁਣਵਾਈ ਕੀਤੀ ਜਾਂਦੀ ਹੈ । ਉਹਨਾਂ ਕਿਹਾ ਕਿ ਪੋਰਟਲ ਰਾਹੀਂ ਵੱਡੀ ਸਮੱਸਿਆਵਾਂ ਵੀ ਆਸਾਨੀ ਨਾਲ ਹੱਲ ਹੋ ਰਹੀਆਂ ਹਨ ।
ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਮਾਲ ਵਿਭਾਗ, ਸਥਾਨਕ ਸਰਕਾਰਾਂ, ਪੀ.ਐਸ.ਪੀ.ਸੀ.ਐਲ., ਟਰਾਂਸਪੋਰਟ ਵਿਭਾਗ, ਪੁਲਿਸ ਤੇ ਪੁੱਡਾ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ ।