ਨਾਭਾ, 19 ਮਈ:
ਆਬਕਾਰੀ ਵਿਭਾਗ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਨਜਾਇਜ਼ ਸ਼ਰਾਬ ਵੇਚਣ ਅਤੇ ਘਰ ਵਿੱਚ ਰੂੜੀ ਮਾਰਕਾ ਸ਼ਰਾਬ ਕੱਢਣ ਵਾਲਿਆਂ ਤੇ ਕਾਰਵਾਈ ਕਰਦੇ ਹੋਏ ਨਾਭਾ ’ਚ ਇਕ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਕਾਰਵਾਈ ਦੌਰਾਨ ਕੋਤਵਾਲੀ, ਨਾਭਾ ਵਿਖੇ 48 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਡਿਪਟੀ ਕਮਿਸ਼ਨਰ (ਆਬਕਾਰੀ) ਪਟਿਆਲਾ ਜ਼ੋਨ, ਪਟਿਆਲਾ ਸ਼੍ਰੀ ਤਰਸੇਮ ਚੰਦ ਅਤੇ ਸ੍ਰੀ ਰਾਜੇਸ਼ ਐਰੀ ਸਹਾਇਕ ਕਮਿਸ਼ਨਰ (ਆਬਕਾਰੀ) ਪਟਿਆਲਾ ਰੇਂਜ, ਪਟਿਆਲਾ ਅਤੇ ਆਬਕਾਰੀ ਪੁਲਿਸ ਦੇ ਕਪਤਾਨ ਸ਼੍ਰੀ ਸੁਖਮਿੰਦਰ ਸਿੰਘ ਚੌਹਾਨ ਦੇ ਮਾਰਗ ਦਰਸ਼ਨ ਵਿੱਚ ਆਬਕਾਰੀ ਅਫ਼ਸਰ, ਜ਼ਿਲ੍ਹਾ ਪਟਿਆਲਾ-2 ਸ਼੍ਰੀ ਸਰੂਪ ਇੰਦਰ ਸਿੰਘ ਸੰਧੂ ਦੀ ਦੇਖ-ਰੇਖ ਹੇਠ ਕੀਤੀ।
ਆਬਕਾਰੀ ਅਫ਼ਸਰ, ਜ਼ਿਲ੍ਹਾ ਪਟਿਆਲਾ-2 ਸ਼੍ਰੀ ਸਰੂਪ ਇੰਦਰ ਸਿੰਘ ਸੰਧੂ ਨੇ ਦੱਸਿਆ ਕਿ ਵਿਭਾਗ ਨੇ ਫ਼ੀਲਡ ਅਪ੍ਰੇਸ਼ਨ ਵਧਾ ਦਿੱਤੇ ਹਨ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਵਿਆਪਕ ਜਾਂਚ ਕੀਤੀ ਜਾ ਰਹੀ ਹੈ। ਨਜਾਇਜ਼ ਸ਼ਰਾਬ ਦੇ ਨੈੱਟਵਰਕ ਨੂੰ ਟਰੈਕ ਕਰਨ ਅਤੇ ਉਸ ਨੂੰ ਜੜਾਂ ਤੋਂ ਖ਼ਤਮ ਕਰਨ ਲਈ ਆਬਕਾਰੀ ਨਿਰੀਖਕਾਂ ਦੀਆਂ ਟੀਮਾਂ 24 ਘੰਟੇ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਸਮੂਹ ਗ੍ਰਾਮ ਪੰਚਾਇਤਾਂ ਨਾਲ ਤਾਲ ਮੇਲ ਕਰਕੇ ਨਜਾਇਜ਼ ਸ਼ਰਾਬ ਪੀਣ ਦੇ ਨੁਕਸਾਨਦੇਹ ਅਸਰਾਂ ਬਾਰੇ ਨਾਗਰਿਕਾਂ ਨੂੰ ਸਿੱਖਿਅਤ ਕਰਨ ਲਈ ਇੱਕ ਲੋਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।