ਪਟਿਆਲਾ, 18 ਮਈ:
ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਖ਼ਿਲਾਫ਼ ਫ਼ੈਸਲਾਕੁਨ ਲੜਾਈ ਦੇ ਅਗਲੇ ਪੜਾਅ ਦੀ ਸ਼ੁਰੂਆਤ ਅੱਜ ਵਾਰਡ ਪੱਧਰ ਦੀਆਂ ਰੱਖਿਆ ਕਮੇਟੀਆਂ ਨਾਲ ਜਾਗਰੂਕਤਾ ਪ੍ਰੋਗਰਾਮ ਦੀ ਸ਼ੁਰੂਆਤ ਕਰਕੇ ਕੀਤੀ। ਅੱਜ ਉਨ੍ਹਾਂ ਨੇ ਮੇਅਰ ਕੁੰਦਨ ਗੋਗੀਆ, ਤੇਜਿੰਦਰ ਮਹਿਤਾ ਤੇ ਰਣਜੀਤ ਸਿੰਘ ਚੰਡੋਕ ਦੇ ਵਾਰਡ ਤੇਜ਼ ਬਾਗ ਕਲੋਨੀ ਵਾਰਡ ਨੰਬਰ 34, ਜਗਦੀਸ਼ ਇਨਕਲੇਵ ਵਾਰਡ ਨੰਬਰ 32 ਤੇ ਵਿਕਾਸ ਕਲੋਨੀ ਵਾਰਡ ਨੰਬਰ 30 ਦੇ ਵਸਨੀਕਾਂ ਨੂੰ ਨਸ਼ਾ ਤਸਕਰਾਂ ਦੇ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਬੁਰਾਈ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਭ ਦਾ ਸਹਿਯੋਗ ਜ਼ਰੂਰੀ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ‘ਤੇ ਪੈਨੀ ਨਜ਼ਰ ਰੱਖਣ ਲਈ ਵਾਰਡ ਰੱਖਿਆ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਇਸ ਦੇ ਮੈਂਬਰਾਂ ਦਾ ਕੰਮ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਨੂੰ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਾਉਣ, ਨਸ਼ਾ ਪੀੜਤਾਂ ਦੇ ਇਲਾਜ ਲਈ ਉਹਨਾਂ ਨੂੰ ਪ੍ਰੇਰਿਤ ਕਰਕੇ ਨਸ਼ਾ ਮੁਕਤੀ ਕੇਂਦਰਾਂ ਤੱਕ ਲਿਆਉਣ ਲਈ ਜਾਗਰੂਕ ਕਰਨਾ ਹੈ। ਨਸ਼ਾ ਮੁਕਤੀ ਯਾਤਰਾ ਪੰਜਾਬ ਦੇ ਪਿੰਡ-ਪਿੰਡ ਤੇ ਸ਼ਹਿਰ ਦੀ ਹਰੇਕ ਵਾਰਡ ‘ਚ ਜਾ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰ ਰਹੀ ਹੈ।
ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਿਛਲੀਆਂ ਸਮੇਂ ਸਰਕਾਰਾਂ ਤੇ ਤਸਕਰਾਂ ਵਿਚਾਲੇ ਗਠਜੋੜ ਕਰਕੇ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾਇਆ ਗਿਆ ਸੀ ਅਤੇ ਸਾਡੀ ਸਰਕਾਰ ਪੁਰਾਣੀਆਂ ਸਰਕਾਰਾਂ ਦੀ ਗੰਦਗੀ ਨੂੰ ਸਾਫ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ੇ ਦੇ ਕੋਹੜ ਵਿੱਚੋਂ ਕੱਢ ਕੇ ਨਵਾਂ-ਨਰੋਆ, ਸੋਹਣਾ ਅਤੇ ਰੰਗਲਾ ਪੰਜਾਬ ਬਣਾਵਾਂਗੇ, ਇਸ ਸਭ ਦੇ ਸਹਿਯੋਗ ਨਾਲ ਹੀ ਸੰਭਵ ਹੈ। ਇਸ ਮੌਕੇ ਉਨ੍ਹਾਂ ਹਾਜ਼ਰੀਨ ਨੂੰ ਨਸ਼ਿਆਂ ਦੀ ਲੜਾਈ ਵਿੱਚ ਇਕਜੁੱਟ ਹੋ ਕੇ ਲੜਨ ਦੀ ਸਹੁੰ ਵੀ ਖਵਾਈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਤਸਕਰਾਂ ਨੂੰ ਸਪੱਸ਼ਟ ਸੁਨੇਹਾ ਹੈ ਕਿ ਜਾਂ ਤਾਂ ਨਸ਼ੇ ਵੇਚਣੇ ਬੰਦ ਕਰ ਦੇਣ ਜਾਂ ਫਿਰ ਪੰਜਾਬ ਛੱਡ ਦੇਣ। ਇਸ ਲਈ ਹੁਣ ਉਹ ਦਿਨ ਦੂਰ ਨਹੀਂ ਜਦ ਸੂਬੇ ਨੂੰ ਰੰਗਲੇ ਪੰਜਾਬ ਨਾਲ ਜਾਣਿਆ ਜਾਵੇਗਾ। ਉਹਨਾਂ ਕਿਹਾ ਕਿ ਪਟਿਆਲਾ ਦੇ ਲੋਕ ਜਾਗਰੂਕ ਤੇ ਸੁਚੇਤ ਸ਼ਹਿਰੀ ਹਨ ਇਸ ਲਈ ਉਹ ਇਸ ਮੁਹਿੰਮ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਹੋਏ ਹੋਰਨਾਂ ਲਈ ਰੋਲ ਮਾਡਲ ਬਣਨਗੇ। ਇਸ ਮੌਕੇ ਮੇਅਰ ਕੁੰਦਨ ਗੋਗੀਆ, ਯੁੱਧ ਨਸ਼ੇ ਵਿਰੁੱਧ ਮੋਰਚੇ ਦੇ ਮਾਲਵਾ ਪੂਰਬੀ ਦੇ ਕੋਆਰਡੀਨੇਟਰ ਜਗਦੀਪ ਸਿੰਘ ਜੱਗਾ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਕੌਂਸਲਰ ਰਣਜੀਤ ਸਿੰਘ ਚੰਡੋਕ ਸਮੇਤ ਹੋਰ ਕੌਂਸਲਰ ਤੇ ਵੱਡੀ ਗਿਣਤੀ ਸ਼ਹਿਰੀ ਵਾਸੀ ਮੌਜੂਦ ਸਨ।
ਫੋਟੋ: ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨਸ਼ਾ ਮੁਕਤੀ ਯਾਤਰਾ ਦੌਰਾਨ ਸੰਬੋਧਨ ਕਰਦੇ ਹੋਏ।
ਵਾਰਡ ਡਿਫੈਂਸ ਕਮੇਟੀਆਂ ਦੀ ਨਸ਼ਿਆਂ ਦੇ ਖ਼ਾਤਮੇ ‘ਚ ਹੋਵੇਗੀ ਅਹਿਮ ਭੂਮਿਕਾ : ਅਜੀਤ ਪਾਲ ਸਿੰਘ ਕੋਹਲੀ
RELATED ARTICLES