ਪਟਿਆਲਾ 13 ਮਈ : ਪੀ ਆਰ ਟੀ ਸੀ ਪੰਜਾਬ ਦੇ ਚੇਅਰਮੈਨ ਅਤੇ ਸੂਬਾ ਸਕੱਤਰ ਪੰਜਾਬ ਰਣਜੋਧ ਸਿੰਘ ਹਡਾਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਨੰਗਲ ਵਿਖੇ ਬੀ.ਬੀ.ਐਮ.ਬੀ. ਵੱਲੋਂ ਪਾਣੀ ਛੱਡਣ ਦੇ ਖਿਲਾਫ ਚੱਲ ਰਹੇ ਪ੍ਰਦਰਸ਼ਨ ਵਿੱਚ ਪਹੁੰਚੇ। ਇਸ ਮੌਕੇ ਐਮਐਲਏ ਮਲੇਰਕੋਟਲਾ ਜਮੀਰ ਉਲ ਰਹਿਮਾਨ, ਐਮਐਲਏ ਸੰਗਰੂਰ ਨਰਿੰਦਰ ਕੌਰ ਭਰਾਜ ਤੋਂ ਇਲਾਵਾ ਹੋਰ ਜਿਲਾ ਪ੍ਰਧਾਨ, ਲੋਕ ਸਭਾ ਇੰਚਾਰਜ, ਚੇਅਰਮੈਨ ਸਾਹਿਬਾਨ ਅਤੇ ਹੋਰ ਆਪ ਆਗੂ ਵੀ ਮੌਜੂਦ ਰਹੇ।
ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਬੋਰਡ (ਬੀ.ਬੀ.ਐਮ.ਬੀ.) ਰਾਹੀਂ ਸੂਬੇ ਦੇ ਪਾਣੀਆਂ ਨੂੰ ਖੋਹ ਕੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਦਾ ਅਹਿਦ ਲਿਆ ਜਾ ਚੁੱਕਾ ਹੈ। ਉਨ੍ਹਾ ਕਿਹਾ ਕੀ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਇੱਕ ਪਾਸੇ ਪੰਜਾਬ ਕਮਾਂਤਰੀ ਸਰਹੱਦਾਂ ਤੇ ਦੁਸ਼ਮਣ ਦਾ ਬਹਾਦਰੀ ਨਾਲ ਸਾਹਮਣਾ ਕਰ ਰਿਹਾ ਹੈ ਅਤੇ ਦੂਜੇ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਸੂਬੇ ਨੂੰ ਉਸ ਦੇ ਪਾਣੀਆਂ ਤੋਂ ਵਾਂਝਾ ਕਰਨ ਲਈ ਘਟੀਆ ਖੇਡਾਂ ਖੇਡ ਰਹੀ ਹੈ। ਭਾਜਪਾ ਦੀਆਂ ਬਦਲਾਖੋਰੀ ਨੀਤੀ ਤਹਿਤ ਹਮੇਸ਼ਾ ਪੰਜਾਬ ਵਿਰੋਧੀ ਫ਼ੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਜੇ ਪੰਜਾਬੀ ਆਪਣੀਆਂ ਸਰਹੱਦਾਂ ਦੀ ਸੁਰੱਖਿਆ ਕਰ ਸਕਦੇ ਹਨ ਤਾਂ ਉਹ ਆਪਣੇ ਪਾਣੀਆਂ ਦੀ ਰਾਖੀ ਕਰਨ ਦੇ ਵੀ ਸਮਰੱਥ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਜੰਗ ਅਤੇ ਪਾਣੀ ਦੀ ਦੋਹਰੀ ਮਾਰ ਦੇਣ ਦੇ ਨਤੀਜੇ ਭਾਜਪਾ ਨੂੰ ਜ਼ਰੂਰ ਭੁਗਤਣੇ ਪੈਣਗੇ। ਉਨ੍ਹਾ ਕਿਹਾ ਕਿ ਪੰਜਾਬ ਪੂਰੀ ਤਰ੍ਹਾਂ ਚੌਕਸ ਹੈ ਕਿਉਂਕਿ ਪੰਜਾਬ ਪੁਲਿਸ ਅਤੇ ਸੂਬਾ ਵਾਸੀ ਪਾਕਿਸਤਾਨ ਨਾਲ ਲਗਦੀ 532 ਕਿਲੋਮੀਟਰ ਸਰਹੱਦ ਦੀ ਰਾਖੀ ਲਈ ਫੌਜ ਦੀ ਮਦਦ ਕਰ ਰਹੇ ਹਨ। ਜੰਗ ਦੇ ਹਾਲਾਤਾਂ ‘ਚ ਸਰਹੱਦੀ ਸੂਬਾ ਹੋਣ ਦੇ ਨਾਤੇ ਸਾਨੂੰ ਸੁਖਾਲਾ ਕਰਨ ਦੀ ਬਜਾਏ ਬੀ.ਜੇ.ਪੀ.ਸਾਡੇ ਲਈ ਪਾਣੀਆਂ ਦਾ ਸੰਕਟ ਪੈਦਾ ਕਰ ਰਹੀ ਹੈ, ਜਿਸ ਕਾਰਨ ਸਾਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਉਨ੍ਹਾ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਇਸੇ ਤਹਿਤ ਪੰਜਾਬ ਹਮੇਸ਼ਾ ਪਾਣੀ ਰੋਕਣ ਵਾਲਾ ਨਹੀ ਬਲਕਿ ਛਬੀਲਾ ਲਗਾ ਕੇ ਪਾਣੀ ਵਰਤਾਉਣ ਵਾਲਾ ਰਿਹਾ ਹੈ। ਪਰ ਜਦੋਂ ਗੱਲ ਕੇਂਦਰ ਸਰਕਾਰ ਵੱਲੋਂ ਚਲਾਕੀ ਰਾਹੀ ਪਾਣੀ ਪੰਜਾਬ ਤੋਂ ਖੋਹ ਕੇ ਦੂਜੇ ਸੂਬਿਆਂ ਨੂੰ ਦੇਣ ਦੀ ਹੈ ਤਾਂ ਉਦੋਂ ਪੰਜਾਬ ਵਾਸੀ ਮੋਹਰੀ ਹੋ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨਗੇ।
ਫ਼ੋਟੋ – ਰਣਜੋਧ ਸਿੰਘ ਹਡਾਣਾ ਅਤੇ ਹੋਰ ਮੰਤਰੀ ਸਾਹਿਬਾਨ ਨੰਗਲ ਵਿਖੇ ਪਾਣੀ ਛੱਡਣ ਦੇ ਖਿਲਾਫ ਚੱਲ ਰਹੇ ਪ੍ਰਦਰਸ਼ਨ ਵਿੱਚ