ਪਟਿਆਲਾ 23 ਅਪ੍ਰੈਲ, 2025
ਭਾਸ਼ਾ ਵਿਭਾਗ, ਪੰਜਾਬ ਵੱਲੋਂ ਅੱਜ ਵਿਸ਼ਵ ਪੁਸਤਕ ਦਿਵਸ ਮਨਾਇਆ ਗਿਆ। ਵਿਭਾਗ ਦੀ ਹਵਾਲਾ ਲਾਇਬ੍ਰੇਰੀ ਵਿੱਚ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਦੌਰਾਨ ਉੱਘੇ ਸ਼ਾਇਰ ਸਰਦਾਰ ਪੰਛੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਸਮਾਗਮ ਦੌਰਾਨ ਵਿਭਾਗ ਵੱਲੋਂ ਪੁਸਤਕਾਂ ਦਾ ਲੰਗਰ ਵੀ ਲਗਾਇਆ ਗਿਆ।
ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਪੰਜਾਬ ਬਹੁਤ ਸਾਰੇ ਪੱਖਾਂ ਤੋਂ ਦੁਨੀਆ ਦਾ ਖੁਸ਼ਹਾਲ ਖਿੱਤਾ ਮੰਨਿਆ ਜਾਂਦਾ ਹੈ ਪਰ ਪੁਸਤਕ ਸੱਭਿਆਚਾਰ ਪੱਖੋਂ ਇਹ ਅਜੇ ਪਛੜਿਆ ਹੋਇਆ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਸੰਸਾਰ ਦੀ ਪਹਿਲੀ ਪੁਸਤਕ ਮੰਨਿਆ ਜਾਂਦਾ ਰਿਗਵੇਦ ਗ੍ਰੰਥ ਪੰਜਾਬ ਦੀ ਧਰਤੀ ਤੇ ਹੀ ਲਿਖਿਆ ਗਿਆ। ਇਸ ਦੇ ਨਾਲ ਹੀ ਸੰਸਾਰ ਦਾ ਮਹਾਨਤਮ ਤੇ ਸਭ ਤੋਂ ਵੱਡਾ ਸੰਪਾਦਤ ਗ੍ਰੰਥ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਵੀ ਪੰਜਾਬ ਦੀ ਧਰਤੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ ਅਤੇ ਇਸ ਨੂੰ ਖੂਬਸੂਰਤ ਅਤੇ ਕੁਦਰਤੀ ਜਲ ਭੰਡਾਰ ਦੇ ਵਿਚਕਾਰ ਸਥਾਪਿਤ ਖੂਬਸੂਰਤ ਹਰਿਮੰਦਰ ਦੇ ਐਨ ਵਿਚਕਾਰ ਸੁਸ਼ੋਭਿਤ ਕੀਤਾ। ਸ. ਜ਼ਫ਼ਰ ਨੇ ਕਿਹਾ ਕਿ ਏਨੀ ਮਾਣਮੱਤੀ ਵਿਰਾਸਤ ਹੋਣ ਦੇ ਬਾਵਜੂਦ ਵੀ ਅਸੀਂ ਅਜੇ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਤੋਂ ਦੂਰ ਹਾਂ। ਇਸ ਲਈ ਲੋੜ ਹੈ ਕਿ ਬੌਧਿਕ ਪੱਖੋਂ ਵੀ ਖੁਸ਼ਹਾਲ ਹੋਣ ਲਈ ਪੁਸਤਕਾਂ ਨੂੰ ਆਪਣੇ ਜੀਵਨ ਦਾ ਅਟੁੱਟ ਅੰਗ ਬਣਾਈਏ ਅਤੇ ਆਪਣੇ ਬੱਚਿਆਂ ਨੂੰ ਵੀ ਪੁਸਤਕਾਂ ਪੜ੍ਹਨ ਵੱਲ ਪ੍ਰੇਰਿਤ ਕਰੀਏ। ਉਨ੍ਹਾਂ ਨੇ ਗੁਰਬਾਣੀ ਦੇ ਹਵਾਲੇ ਦੇ ਕੇ ਪੁਸਤਕਾਂ ਨੂੰ ਪ੍ਰਮਾਤਮਾ ਦੇ ਸਮਾਨ ਸਥਾਨ ਦਿੱਤਾ।
ਇਸ ਮੌਕੇ ਸ਼ਾਇਰ ਸਰਦਾਰ ਪੰਛੀ ਨੇ ਆਪਣੇ ਪੁਸਤਕਾਂ ਪੜ੍ਹਨ ਵੱਲ ਜੁੜਨ ਦੇ ਪ੍ਰਸੰਗ ਸੁਣਾਏ ਅਤੇ ਸ਼ਾਇਰਾਨਾ ਅੰਦਾਜ਼ ਨਾਲ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ। ਇਸ ਮੌਕੇ ਖੋਜ ਅਫਸਰ ਸ. ਸਤਪਾਲ ਸਿੰਘ ਚਹਿਲ ਨੇ ਪੁਸਤਕ ਦੀ ਮਨੁੱਖੀ ਜੀਵਨ ਵਿੱਚ ਅਹਿਮੀਅਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਵਿਸ਼ਵ ਪ੍ਰਸਿੱਧ ਪੁਸਤਕਾਂ ਬਾਰੇ ਚਰਚਾ ਕੀਤੀ। ਉਨ੍ਹਾਂ ਵਿਸ਼ਵ ਪੁਸਤਕ ਦਿਵਸ ਦੇ ਇਤਿਹਾਸ ਤੇ ਵੀ ਚਾਨਣਾ ਪਾਇਆ। ਖੋਜ ਅਫਸਰ ਡਾ. ਸੰਤੋਖ ਸਿੰਘ ਸੁੱਖੀ ਨੇ ਆਪਣੀ ਕਵਿਤਾ ਰਾਹੀਂ ਕਿਤਾਬ ਦੀ ਅਹਿਮੀਅਤ ਜਾਣਕਾਰੀ ਦਿੱਤੀ। ਅਖ਼ੀਰ ਵਿੱਚ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਸਤਨਾਮ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸ੍ਰੀ ਆਲੋਕ ਚਾਵਲਾ ਦੀ ਦੇਖ-ਰੇਖ ਵਿੱਚ ਹੋਏ ਇਸ ਸਮਾਗਮ ਦੌਰਾਨ ਸ਼ਾਇਰ ਸਰਦਾਰ ਪੰਛੀ ਅਤੇ ਹਰਭਜਨ ਸਿੰਘ ਸੇਲਬਰਾਹ ਨੇ ਵਿਭਾਗ ਨੂੰ ਆਪਣੀਆਂ ਸਾਹਿਤਕ ਕਿਰਤਾਂ ਭੇਟ ਕੀਤੀਆਂ। ਇਸ ਮੌਕੇ ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਹਰਪ੍ਰੀਤ ਕੌਰ, ਡਿਪਟੀ ਡਾਇਰੈਕਟਰ ਹਰਭਜਨ ਕੌਰ ਤੇ ਚੰਦਨਦੀਪ ਕੌਰ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਆਲੋਕ ਚਾਵਲਾ, ਸੁਖਪ੍ਰੀਤ ਕੌਰ, ਸੁਰਿੰਦਰ ਕੌਰ ਤੇ ਜਸਪ੍ਰੀਤ ਕੌਰ, ਨਾਮਵਰ ਲੇਖਕ ਡਾ. ਗੁਰਇਕਬਾਲ ਸਿੰਘ, ਸ. ਸਤਿਵੀਰ ਸਿੰਘ, ਤੇਜਿੰਦਰਪਾਲ ਸਿੰਘ ਸੰਧੂ, ਹਰਭਜਨ ਸਿੰਘ ਸੇਲਬਰਾਹ, ਲਾਇਬ੍ਰੇਰੀਅਨ ਨੇਹਾ ਖੁਰਾਣਾ, ਸਹਾਇਕ ਲਾਇਬ੍ਰੇਰੀਅਨ ਜਸਵੀਰ ਕੌਰ ਤੇ ਜਗਮੇਲ ਸਿੰਘ ਅਤੇ ਵਿਭਾਗ ਦੇ ਕਰਮਚਾਰੀ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ।
ਤਸਵੀਰ: ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਨੂੰ ਸਮਾਗਮ ਦੌਰਾਨ ਹਰਭਜਨ ਸਿੰਘ ਸੇਲਬਰਾਹ ਆਪਣੀਆਂ ਪੁਸਤਕਾਂ ਭੇਟ ਕਰਦੇ ਹੋਏ।