ਘਨੌਰ ਹਲਕੇ ਦੇ ਵਿਧਾਇਕ ਗੁਰਲਾਲ ਘਨੌਰ ਨੇ ਅੱਜ ਘੱਗਰ ਸਰਾਏ, ਬਠੋਣੀਆਂ ਅਤੇ ਮੰਡਿਆਣਾ ਪਿੰਡਾਂ ਵਿੱਚ ਲਗਭਗ 52.75 ਲੱਖ ਰੁਪਏ ਦੇ ਵਿਕਾਸ ਕਾਰਜਾਂ ਨੂੰ ਸਮਰਪਿਤ ਕੀਤਾ ਗਿਆ। ਇਨ੍ਹਾਂ ਕਾਰਜਾਂ ਵਿੱਚ ਪਿੰਡਾਂ ਦੇ ਸਕੂਲਾਂ ਵਿੱਚ ਨਵੇਂ ਕਲਾਸਰੂਮ, ਇਮਾਰਤ ਦੀ ਮੁਰੰਮਤ, ਪੀਣ ਵਾਲੇ ਪਾਣੀ ਦੀ ਸੁਵਿਧਾ, ਸਕੂਲਾਂ ਦੇ ਨਵੀਨੀਕਰਨ, ਚਾਰਦੀਵਾਰੀ ਸਮੇਤ ਹੋਰ ਜਰੂਰੀ ਸੰਰਚਨਾਤਮਕ ਢਾਂਚੇ ਦਾ ਸੁਧਾਰ ਹੋਇਆ ਹੈ।
ਬਠੋਣੀਆਂ ਪਿੰਡ ਵਿਖੇ ਹੋਏ ਇਕ ਵਿਸ਼ੇਸ਼ ਸਮਾਰੋਹ ਦੌਰਾਨ, ਸਕੂਲ ਦੇ ਅਜਿਹੇ ਵਿਦਿਆਰਥੀਆਂ ਜੋ ਅਕਾਦਮਿਕ ਅਤੇ ਸਹਿ-ਵਿੱਦਿਅਕ ਸਰਗਰਮੀਆਂ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ, ਉਹਨਾਂ ਨੂੰ ਵਿਧਾਇਕ ਗੁਰਲਾਲ ਘਨੌਰ ਵੱਲੋਂ ਸਨਮਾਨਿਤ ਕੀਤਾ ਗਿਆ। ਵਿਧਾਇਕ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਇਨਾਮ ਵਜੋਂ ਯਾਦਗਾਰੀ ਟਰਾਫੀਆਂ ਦਿੱਤੀਆਂ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਗੁਰਲਾਲ ਘਨੌਰ ਨੇ ਲੜਕੀਆਂ ਤੋਂ ਹੀ ਸਕੂਲਾਂ ਵਿੱਚ ਉਦਘਾਟਨ ਕਰਵਾ ਕੇ ਬੱਚੀਆਂ ਦੀ ਹੌਸਲਾ ਅਫ਼ਜਾਈ ਕੀਤੀ।
ਉਨ੍ਹਾਂ ਨੇ ਸਮਾਗਮ ਦੌਰਾਨ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ, “ਜੋ ਵਿਦਿਆਰਥੀ ਖੇਡਾਂ ਵਿੱਚ ਰੁਚੀ ਰੱਖਦੇ ਹਨ, ਉਹ ਮੈਨੂੰ ਕਿਸੇ ਵੀ ਸਮੇਂ ਮਿਲ ਸਕਦੇ ਹਨ। ਮੈਂ ਉਨ੍ਹਾਂ ਦੀ ਮਨਪਸੰਦ ਖੇਡ ਵਿੱਚ ਅਗਵਾਈ ਦੇਣ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਲਈ ਹਮੇਸ਼ਾਂ ਤਤਪਰ ਹਾਂ।” ਵਿਧਾਇਕ ਨੇ ਖੇਡਾਂ ਦੁਆਰਾ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਨੂੰ ਉਭਾਰਨ ਦੀ ਲੋੜ ‘ਤੇ ਵੀ ਚਰਚਾ ਕੀਤੀ।
ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਵਿੱਚ ਸਿੱਖਿਆ ਸਬੰਧੀ ਇਨਕਲਾਬੀ ਤਬਦੀਲੀਆਂ ਆ ਰਹੀਆਂ ਹਨ। ਸਰਕਾਰੀ ਸਕੂਲਾਂ ਨੂੰ ਸਮਰਥ ਬਣਾਉਣ, ਹੋਰ ਸਹੂਲਤਾਂ ਉਪਲਬਧ ਕਰਵਾਉਣ ਅਤੇ ਬੱਚਿਆਂ ਨੂੰ ਨਵੇਂ ਯੁੱਗ ਅਨੁਸਾਰ ਤਿਆਰ ਕਰਨ ਵਾਸਤੇ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ।
ਇਨ੍ਹਾਂ ਵਿਕਾਸ ਕਾਰਜਾਂ ਲਈ ਪਿੰਡ ਵਾਸੀਆਂ ਨੇ ਵਿਧਾਇਕ ਗੁਰਲਾਲ ਘਨੌਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਪਹਿਲਾਂ ਵਾਰ ਹੋਇਆ ਹੈ ਕਿ ਉਨ੍ਹਾਂ ਦੇ ਪਿੰਡਾਂ ਵਿਚ ਇੰਨੀ ਸੰਖਿਆ ਵਿੱਚ ਵਿਕਾਸ ਕਾਰਜ ਹੋ ਰਹੇ ਹਨ। ਪਿੰਡ ਵਾਸੀਆਂ ਨੇ ਉਨ੍ਹਾਂ ਦੇ ਦਰਵਾਜੇ ਤੱਕ ਆ ਕੇ ਸੁਣਨ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਧਾਇਕ ਦੀ ਖੁਲ ਕੇ ਸ਼ਲਾਘਾ ਕੀਤੀ।
ਇਸ ਮੌਕੇ ਬਲਾਕ ਨੋਡਲ ਅਫ਼ਸਰ ਹਰਪ੍ਰੀਤ ਸਿੰਘ ਹੈੱਡ ਮਾਸਟਰ, ਰਾਜੀਵ ਕੁਮਾਰ ਡੀ.ਐੱਸ.ਐੱਮ, ਰਚਨਾ ਰਾਣੀ ਬਲਾਕ ਨੋਡਲ ਅਫ਼ਸਰ, ਦਲਜੀਤ ਸਿੰਘ ਬੇਦੀ ਹੈੱਡ ਮਾਸਟਰ ਘੱਗਰ ਸਰਾਏ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਰਾਜਿੰਦਰ ਸਿੰਘ ਚਾਨੀ, ਦੌਲਤ ਰਾਮ ਲੈਕਚਰਾਰ, ਗੁਰਤਾਜ ਸਿੰਘ, ਸੁਖਵਿੰਦਰ ਸਿੰਘ, ਮੇਜਰ ਸਿੰਘ, ਮਿਲਨ, ਧਨਰਾਜ, ਸੁਨੀਲ ਜੋਸ਼ੀ, ਹਰਪ੍ਰੀਤ ਸਿੰਘ, ਪੰਚਾਇਤ ਮੈਂਬਰ, ਸਕੂਲਾਂ ਦੇ ਸਟਾਫ ਮੈਂਬਰ, ਮਾਹਿਰ ਅਧਿਆਪਕ, ਮਾਪੇ ਅਤੇ ਪਿੰਡ ਵਾਸੀ ਵੀ ਮੌਜੂਦ ਸਨ।