ਪਟਿਆਲਾ, 19 ਅਪ੍ਰੈਲ:
ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਾਲਤੂ ਜਾਨਵਰਾਂ ਅਤੇ ਪਸ਼ੂਆਂ ਨੂੰ ਬਿਹਤਰੀਨ ਸਿਹਤ ਸੰਭਾਲ ਸੇਵਾਵਾਂ ਯਕੀਨੀ ਬਣਾਉਣ ਲਈ ਪਟਿਆਲਾ ਦੇ ਵੈਟਰਨਰੀ ਪੌਲੀਕਲੀਨਿਕ ’ਚ ਅਤਿ-ਆਧੁਨਿਕ ਇੰਨਡੋਰ ਪੇਸ਼ੈਂਟ ਵਾਰਡ ਦੀ ਸੌਗਾਤ ਪ੍ਰਦਾਨ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਹੁਣ ਪੌਲੀਕਲੀਨਿਕ ਵਿਖੇ ਆਪ੍ਰੇਸ਼ਨ ਕਰਵਾਉਣ ਤੋਂ ਬਾਅਦ ਪਸ਼ੂ ਪਾਲਕ ਆਪਣੇ ਪਸ਼ੂ ਨੂੰ ਰਾਤ ਸਮੇਂ ਪੌਲੀਕਲੀਨਿਕ ਵਿਖੇ ਹੀ ਰੱਖ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕਾਰਜ ਨੂੰ ਮਿਥੇ ਸਮੇਂ ਵਿੱਚ ਪੂਰਾ ਕਰਵਾਉਣ ਲਈ ਪ੍ਰਮੁੱਖ ਸਕੱਤਰ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਰਾਹੁਲ ਭੰਡਾਰੀ, ਵਿਸ਼ੇਸ਼ ਸਕੱਤਰ ਹਰਬੀਰ ਸਿੰਘ ਅਤੇ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਦੀ ਵਿਸ਼ੇਸ਼ ਭੂਮਿਕਾ ਰਹੀ।
ਉਹਨਾਂ ਦੱਸਿਆ ਕਿ ਜਲਦੀ ਹੀ ਆਧੁਨਿਕ ਐਕਸ ਰੇ ਮਸ਼ੀਨ ਵੀ ਵੈਟਰਨਰੀ ਪੌਲੀਕਲੀਨਿਕ ਪਟਿਆਲਾ ਵਿਖੇ ਮੁਹੱਈਆ ਕਰਵਾਈ ਜਾ ਰਹੀ ਹੈ। ਵਿਭਾਗ ਵੱਲੋਂ ਹਸਪਤਾਲਾਂ ਨੂੰ ਘੋੜਿਆਂ ਵਾਸਤੇ ਟੈੱਟਨਸ ਤੋਂ ਬਚਾਅ ਲਈ ਟੀਕੇ ਮੁਹੱਈਆ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਨੂੰ ਸੱਪ ਦੇ ਕੱਟਣ ਦੇ ਇਲਾਜ ਲਈ ਸਾਰੀਆਂ ਤਹਿਸੀਲਾਂ ਅਤੇ ਪੌਲੀਕਲੀਨਿਕ ਵਿੱਚ ਦਵਾਈ ਮੁਫ਼ਤ ਉਪਲਬਧ ਕਰਵਾਈ ਗਈ ਹੈ। ਗੋਕੇ ਅਤੇ ਮਹਿਰੂਆਂ ਨੂੰ ਮਲ੍ਹੱਪ ਰਹਿਤ ਕਰਨ ਲਈ ਦਵਾਈ ਵੀ ਮੁਫ਼ਤ ਵੰਡੀ ਜਾ ਰਹੀ ਹੈ। ਵਿਭਾਗ ਵੱਲੋਂ ਪਸ਼ੂਆਂ ਨੂੰ ਮੂੰਹ ਖੁਰ ਤੋਂ ਬਚਾਉਣ ਲਈ ਘਰ ਘਰ ਜਾ ਕੇ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ।
ਡਾ. ਗੁਰਦਰਸ਼ਨ ਸਿੰਘ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਗਈ ਕਿ ਮੂੰਹ ਖੁਰ ਟੀਕਾਕਰਨ ਦੀ ਮੁਹਿੰਮ ਵਿੱਚ ਸਹਿਯੋਗ ਕਰਨ ਅਤੇ ਇਹ ਯਕੀਨੀ ਬਣਾਉਣ ਕੀ 100 ਫ਼ੀਸਦੀ ਯੋਗ ਪਸ਼ੂਆਂ ਨੂੰ ਟੀਕਾਕਰਨ ਕਰਵਾ ਲਿਆ ਜਾਵੇ। ਇਸ ਮੌਕੇ ਸਹਾਇਕ ਨਿਰਦੇਸ਼ਕ ਡਾ. ਸੋਨਿੰਦਰ ਕੌਰ, ਸੀਨੀਅਰ ਵੈਟਰਨਰੀ ਅਫ਼ਸਰ ਡਾ. ਜਗਵਿੰਦਰ ਕੌਰ , ਵੈਟਰਨਰੀ ਅਫ਼ਸਰ ਡਾ. ਗਗਨਦੀਪ, ਵੈਟਰਨਰੀ ਅਫ਼ਸਰ ਡਾ. ਗੁਰਪ੍ਰੀਤ ਸਿੰਘ, ਡਾ. ਜਤਿੰਦਰ ਸਿੰਘ, ਡਾ. ਹਰਲੀਨ ਕੌਰ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਜਗਮੋਹਨ ਸਿੰਘ, ਵਿਸ਼ਾਲ ਕੁਮਾਰ, ਇੰਦਰਪਾਲ ਸਿੰਘ, ਜਤਿੰਦਰ ਸਿੰਘ, ਸੰਦੀਪ ਕੁਮਾਰ, ਗੁਰਮੁਖ ਸਿੰਘ, ਕੁਲਦੀਪ ਸਿੰਘ, ਵਿੱਕੀ ਹਾਜ਼ਰ ਰਹੇ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬੀਤੇ ਦਿਨ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਾਦਲ ਵਿਖੇ ਸਰਕਾਰੀ ਵੈਟਰਨਰੀ ਪੌਲੀਕਲੀਨਿਕ ਵਿਖੇ ਅਤਿ-ਆਧੁਨਿਕ ਇਨ-ਪੇਸ਼ੈਂਟ ਡਿਪਾਰਟਮੈਂਟ (ਆਈਪੀਡੀ) ਵਾਰਡ ਦਾ ਉਦਘਾਟਨ ਕਰਨ ਦੇ ਨਾਲ ਹੀ ਸੂਬੇ ਭਰ ਦੇ ਛੇ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਪਸ਼ੂਆਂ ਲਈ ਇਨ-ਪੇਸ਼ੈਂਟ ਡਿਪਾਰਟਮੈਂਟ (ਆਈਪੀਡੀ) ਸੇਵਾਵਾਂ ਸ਼ੁਰੂ ਕੀਤੀ ਗਈਆਂ ਹਨ।