ਪਟਿਆਲਾ 12 ਅਪ੍ਰੈਲ ਮੁਢਲੀਆਂ ਸਹੂਲਤਾਂ ਤੋਂ ਸੱਖਣੇ ਪਿੰਡ ਚੋਰਾ ਵਿਚ ਪੈਂਦੀ ਰਣਜੀਤ ਐਵੇਨਿਯੂ ਅਤੇ ਬਲਜੀਤ ਕਲੋਨੀ ਲੋਕਾਂ ਨੇ ਸਰਕਾਰ ਤੋਂ ਚੋਰਾ ਪਿੰਡ ਤੋਂ ਵੱਖਰੀ ਪੰਚਾਇਤ ਦੀ ਮੰਗ ਕੀਤੀ ਹੈ। ਉਨਾ ਆਪ ਦੀ ਸਰਕਾਰ ਤੁਹਾਡੇ ਦੁਆਰ ਕਹਿਣ ਵਾਲੀ ਆਪ ਸਰਕਾਰ ਨੂੰ ਗੁਹਾਰ ਲਗਾਉਂਦਿਆ ਕਿਹਾ ਕਿ ਜੇਕਰ ਇਹ ਮੰਗ ਨਾ ਪੂਰੀ ਹੋਈ ਤਾਂ ਆਪਣੀ ਮਿਹਨਤ ਨਾਲ ਬਣਾਏ ਸੋਹਣੇ ਘਰ ਛੱਡਣ ਲਈ ਮਜ਼ਬੂਰ ਹੋ ਜਾਣਗੇ। ਜਾਣਕਾਰੀ ਮੁਤਾਬਕ ਰਣਜੀਤ ਐਵੇਨਯੂ ਅਤੇ ਬਲਜੀਤ ਕਲੋਨੀ ਪਿੰਡ ਚੋਰਾ ਦੇ ਅਧਿਕਾਰ ਖੇਤਰ ਵਿਚ ਆਉਂਦੀ ਹੈ। ਇਹ ਕਲੋਨੀ ਚੰਰਾ ਤੋਂ ਨੂਰਖੇੜੀਆਂ ਸੜਕ ਉਤੇ ਸੰਗਰੂਰ ਨੂੰ ਕਰਾਸ ਕਰਦੇ ਅੰਡਰਪਾਸ ਦੇ ਬਿਲਕੁਲ ਨਾਲ ਸਥਿਤ ਹੈ।
ਇਸ ਕਲੋਨੀ ਵਿਚ ਲਗਭਗ 300 ਤੋਂ 400 ਘਰ ਬਣੇ ਹੋਏ ਹਨ ਅਤੇ ਹੋਰ ਨਵੇਂ ਘਰਾਂ ਦੀ ਉਸਾਰੀ ਵੀ ਚੱਲ ਰਹੀ ਹੈ। ਇਸ ਕਲੋਨੀ ਵਿਚ ਲਗਭਗ 600 ਤੋਂ 700 ਤੱਕ ਵੋਟਾਂ ਬਣੀਆਂ ਹੋਈਆਂ ਹਨ।
ਰਣਜੀਤ ਅਤੇ ਬਲਜੀਤ ਕਲੋਨੀ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਥੇ ਪਿੰਡ ਚੋਰਾ ਦੀ ਪੰਚਾਇਤ ਵਲੋਂ ਇਸ ਕਲੋਨੀ ਵਿਚ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਇਆ ਜਾ ਰਿਹਾ ਅਤੇ ਜੋ ਵੀ ਗ੍ਰਾਂਟ ਪੰਚਾਇਤ ਨੂੰ ਮਿਲਦੀ ਹੈ ਉਹ ਪਿੰਡ ਚੋਰਾ ਵਿਚ ਹੀ ਵਰਤੀ ਜਾਂਦੀ ਹੈ। ਉਨਾ ਕਿਹਾ ਕਿ ਇਸ ਕਲੋਨੀ ਵਿਚ ਇਕ ਪਬਲਿਕ ਪਾਰਕ ਬਣਿਆ ਹੋਇਆ ਹੈ ਜਿਸਨੂੰ ਸਾਡੀ ਵੈਲਫੇਅਰ ਸੁਸਾਇਟੀ ਵਲੋਂ ਕਲੋਨੀ ਵਿਚੋਂ ਪੈਸੇ ਇਕੱਠੇ ਕਰਕੇ ਮੇਨਟੇਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਲੋਨੀ ਵਿਚ ਲਾਈਟਾਂ ਅਤੇ ਹੋਰ ਕੰਮ ਕਲੋਨੀ ਵਾਸੀਆਂ ਵਲੋਂ ਆਪਣੇ ਪੱਧਰ ਤੇ ਹੀ ਪੈਸੇ ਖਰਚ ਕਰਕੇ ਕਰਵਾਏ ਜਾ ਰਹੇ ਹਨ। ਸਾਡੀ ਇਸ ਕਲੋਨੀ ਨੂੰ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਕੋਈ ਵੀ ਲਾਭ ਨਹੀਂ ਮਿਲ ਰਿਹਾ।
ਵੈਲਫੇਅਰ ਸੁਸਾਇਟੀ ਦੇ ਨੁਮਾਇੰਦਿਆ ਨੇ ਸਾਂਝੇ ਤੌਰ ਤੇ ਦੱਸਿਆ ਕਿ ਨਹਿਰੀ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਕਲੋਨੀ ਵਿਚ ਪਾਈਪ ਲਾਈਨ ਪਾਉਣਾ ਅਤੇ ਕਲੋਨੀ ਦੇ ਪਾਰਕ ਵਿੱਚ ਪਾਣੀ ਦੀ ਨਵੀਂ ਟੈਂਕੀ ਦੀ ਉਸਾਰੀ ਕਰਨਾ ਅਤਿ ਜਰੂਰੀ ਹੈ। ਇਸ ਤੋਂ ਇਲਾਵਾ ਕਲੋਨੀ ਦੀਆਂ ਸੀਵਰੇਜ ਪਾਉਣ ਨਾਲ ਟੁੱਟੀਆਂ ਹੋਈਆਂ ਸੜਕਾਂ ਦੀ ਮੁਰਮਤ ਅਤੇ ਉਸਾਰੀ ਕਰਨਾ, ਕਲੋਨੀ ਵਿੱਚ ਉਸਾਰੇ ਗਏ ਜਾਂ ਉਸਾਰੇ ਜਾ ਰਹੇ ਘਰਾਂ ਨੂੰ ਬਿਜਲੀ ਸਪਲਾਈ ਦੇ ਲੋਡ ਮੁਤਾਬਿਕ ਲੋੜੀਂਦੇ ਟਰਾਂਸਫਾਰਮਰ ਲਗਾਉਣਾ, ਮੇਨ ਰੋਡ ਉਤੇ ਸਟਰੀਟ ਲਾਈਟਾਂ ਲਗਾਉਣਾ, ਕਲੋਨੀ ਦੇ ਪਾਰਕ ਵਿੱਚ ਵਸਨੀਕਾਂ ਦੀ ਸੈਰ ਕਰਨ ਹਿੱਤ ਪੱਕੇ ਟਰੈਕ ਦੀ ਉਸਾਰੀ ਕਰਵਾਉਣਾ, ਕਲੋਨੀ ਦੇ ਪਾਰਕ ਵਿੱਚ ਲੋਕਾਂ ਦੇ ਕਸਰਤ ਕਰਨ ਲਈ ਓਪਨ ਜਿੰਮ ਮਸ਼ੀਨਾ ਆਦਿ ਲਗਾਉਣਾ ਆਦਿ ਇਲਾਕਾ ਵਾਸੀਆਂ ਦੀਆਂ ਮੁੱਖ ਮੰਗਾ ਹਨ। ਇਨ੍ਹਾਂ ਪੈਡਿੰਗ ਕੰਮਾਂ ਕਾਰਨ ਹੀ ਕਲੋਨੀ ਦੇ ਵਸਨੀਕਾਂ ਦੀ ਮੰਗ ਅਨੁਸਾਰ ਵੈਲਫੇਅਰ ਸੁਸਾਇਟੀ ਕਲੋਨੀ ਦੀਆਂ ਵੋਟਾਂ ਅਨੁਸਾਰ ਇਸ ਕਲੋਨੀ ਦੀ ਵੱਖਰੀ ਪੰਚਾਇਤ ਬਨਾਉਣ ਦੀ ਮੰਗ ਕਰ ਰਹੀ ਹੈ ਤਾਂ ਜੋ ਇਸ ਕਲੋਨੀ ਨੂੰ ਵੀ ਸਰਕਾਰ ਦੇ ਸਮੇਂ ਸਮੇਂ ਸਿਰ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦਾ ਲਾਭ ਮਿਲ ਸਕੇ।