ਦੁਧਨਸਾਧਾਂ/ਪਟਿਆਲਾ, 12 ਅਪ੍ਰੈਲ:
ਉਪ ਮੰਡਲ ਮੈਜਿਸਟਰੇਟ ਦੁਧਨਸਾਧਾਂ ਕ੍ਰਿਪਾਲਵੀਰ ਸਿੰਘ ਨੇ ਅੱਜ ਅਚਨਚੇਤ ਦੁਧਨਸਾਧਾਂ ਵਿਖੇ ਬਣੇ ਓਟ ਕਲੀਨਿਕ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਇਥੇ ਤਾਇਨਾਤ ਡਾਕਟਰ ਤੇ ਸਟਾਫ਼ ਤੋਂ ਦਵਾਈਆਂ ਤੇ ਹੋਰ ਲੋੜੀਂਦੇ ਸਾਮਾਨ ਸਬੰਧੀ ਫੀਡ ਬੈਕ ਹਾਸਲ ਕੀਤੀ।
ਐਸ.ਡੀ.ਐਮ. ਕ੍ਰਿਪਾਲਵੀਰ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਅੱਜ ਓਟ ਕਲੀਨਿਕਾਂ ਦਾ ਦੌਰਾ ਕਰਕੇ ਫੀਡ ਬੈਕ ਹਾਸਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੁਧਨਸਾਧਾਂ ਦੇ ਓਟ ਕਲੀਨਿਕ ‘ਚ 128 ਮਰੀਜ਼ ਰਜਿਸਟਰ ਹਨ ਤੇ ਅੱਜ ਸਵੇਰੇ 11 ਵਜੇ ਤੱਕ 18 ਮਰੀਜ਼ਾਂ ਵੱਲੋਂ ਓਟ ਕਲੀਨਿਕ ਤੋਂ ਦਵਾਈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਆਦੇਸ਼ਾਂ ਅਨੁਸਾਰ ਨਸ਼ਿਆਂ ਦੇ ਸ਼ਿਕਾਰ ਹੋਏ ਵਿਅਕਤੀਆਂ ਦੇ ਇਲਾਜ ਤੇ ਪੁਨਰ ਵਸੇਬੇ ਲਈ ਪੰਜਾਬ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਕ੍ਰਿਪਾਲਵੀਰ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਸ਼ਿਕਾਰ ਹੋਏ ਵਿਅਕਤੀਆਂ ਦੇ ਇਲਾਜ ਅਤੇ ਉਨ੍ਹਾਂ ਦੇ ਪੁਨਰਵਸੇਬੇ ਲਈ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਨਸ਼ਾ ਛੱਡ ਚੁੱਕੇ ਵਿਅਕਤੀਆਂ ਨੂੰ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਰਜਿਸਟਰ ਕਰਕੇ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ, ਤਾਂ ਜੋ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ‘ਚ ਸ਼ਾਮਲ ਹੋਣ ਵਿੱਚ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਗਲਤ ਸੰਗਤ ‘ਚ ਪਏ ਵਿਅਕਤੀਆਂ ਨੂੰ ਸੁਧਰਨ ਦਾ ਮੌਕਾ ਦੇਣ ਲਈ ਸਮਾਜ ਵੀ ਉਨ੍ਹਾਂ ਦਾ ਹੱਥ ਫੜਨ ਲਈ ਅੱਗੇ ਆਵੇ ਤਾਂ ਜੋ ਉਹ ਆਪ ਸਵੈ ਮਾਣ ਨਾਲ ਸਮਾਜ ਵਿੱਚ ਆਪਣਾ ਜੀਵਨ ਬਤੀਤ ਕਰ ਸਕਣ।
ਫੋਟੋ: ਐਸ.ਡੀ.ਐਮ. ਕ੍ਰਿਪਾਲਵੀਰ ਸਿੰਘ ਓਟ ਕਲੀਨਿਕ ਦਾ ਜਾਇਜ਼ਾ ਲੈਂਦੇ ਹੋਏ।