ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਇੱਥੇ ਨਵਜੀਵਨੀ ਸਕੂਲ ਆਫ ਸਪੈਸ਼ਲ ਐਜੂਕੇਸ਼ਨ, ਸੂਲਰ ਦੇ 44ਵੇਂ ਸਥਾਪਨਾ ਦਿਵਸ ਮੌਕੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਬਾਲ ਮੁਕੰਦ ਸ਼ਰਮਾ ਨੇ ਅੱਜਕਲ ਦੇ ਕੈਮੀਕਲ ਯੁਕਤ ਖਾਣ ਪਾਣ ਦੇ ਪੱਧਰ, ਵੰਸ਼ਵਾਦ/ਗੁਣ ਸੂਤਰਾਂ (ਜੀਨਜ਼) ਦੇ ਵਿਕਾਰ ਅਤੇ ਅਪ੍ਰਕਿਰਤਿਕ ਸਥਿਤੀਆਂ, ਦਿਵਿਆਂਗਤਾ ਨੂੰ ਵਧਾਉਣ ਪ੍ਰਤੀ ਪ੍ਰਮੁੱਖ ਕਾਰਨਾਂ ਦੇ ਵਧਣ ‘ਤੇ ਚਿੰਤਾ ਜਾਹਰ ਕੀਤੀ।
ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਆਮ ਤੌਰ ‘ਤੇ 100 ਆਮ ਤੰਦਰੁਸਤ ਬੱਚਿਆਂ ਦੇ ਜਨਮ ਪਿੱਛੇ ਲਗਭਗ ਤਿੰਨ ਬੱਚੇ ਦਿਵਿਆਂਗ ਪੈਦਾ ਹੋ ਰਹੇ ਹਨ। ਨਵਜੀਵਨੀ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਮੰਦਬੁਧਿਤਾ ਅਤੇ ਇਸ ਦੇ ਨਾਲ ਨਾਲ ਜੁੜੇ ਹੋਰ ਵਿਕਾਰਾਂ ਜਿਵੇਂ ਕਿ ਔਟਿਜ਼ਮ ਅਤੇ ਸੈਰੇਬਰਲ ਪਾਲਸੀ ਆਦਿ ਮਾਮਲਿਆਂ ‘ਚ ਸਮੇਂ ਤੋਂ ਪਹਿਲਾਂ ਦਖਲ ਦੇਕੇ ਵਿਕਾਰਾਂ ਨੂੰ ਰੋਕਣ ਲਈ ਤਤਪਰ ਹੈ।
ਚੇਅਰਮੈਨ ਨੇ ਇਸ ਸਕੂਲ ਅਤੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਕੂਲ ਨੇ ਆਪਣੀ ਸਥਾਪਨਾ ਵਰ੍ਹੇ 1981 ਤੋਂ ਲੈਕੇ ਹੁਣ ਤੱਕ ਲਗਭਗ 152 ਵਿਸ਼ੇਸ਼ ਜ਼ਰੂਰਤਾਂ (ਇੰਟਲੈਕਚੁਅਲ ਅਤੇ ਡੈਵਲਪਮੈਂਟਲ ਡਿਸੇਬਿਲਿਟੀਜ) ਵਾਲੇ ਹਜ਼ਾਰਾਂ ਬੱਚਿਆਂ ਦੇ ਪੁਨਰਵਾਸ ਲਈ ਨਿਰੰਤਰ ਪ੍ਰਦਾਨ ਕੀਤੀਆਂ ਸੇਵਾਂਵਾ ਸ਼ਲਾਘਾਯੋਗ ਹਨ।
ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਤੇ ਖੁਸ਼ੀ ਹੈ ਕਿ ਸਕੂਲ ਵਿੱਚ ਸਪੈਸ਼ਲ ਐਜੂਕੇਸ਼ਨ ਅਧਾਰਿਤ ਤਰੀਕਿਆਂ ਦੇ ਨਾਲ ਬੱਚਿਆਂ ਦੀ ਸਿੱਖਿਆ ਅਤੇ ਜੀਵਨ ਗੁਣਵੱਤਾ ਦਾ ਪੱਧਰ ਉੱਚਾ ਚੱਕਣ ਲਈ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਹਰੀ ਝੰਡੀ ਫ਼ਹਿਰਾ ਕੇ ਕੀਤੀ।
ਇਸ ਮੌਕੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੇ ਆਪਣੀਆਂ ਵਿਲੱਖਣ ਖੇਡਾਂ ਦਾ ਦਿਲਚਸਪ ਪ੍ਰਦਰਸ਼ਨ ਕੀਤਾ। ਬਾਲ ਮੁਕੰਦ ਸ਼ਰਮਾ ਨੇ ਇਨ੍ਹਾਂ ਸਪੈਸ਼ਲ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਜੇਤੂ ਬੱਚਿਆਂ ਨੂੰ ਮੈਡਲ ਵੀ ਵੰਡੇ। ਖੇਡਾਂ ਦੇ ਨਾਲ ਨਾਲ ਉਹਨਾਂ ਨੇ ਵਿਸ਼ੇਸ਼ ਬੱਚਿਆਂ ਵੱਲੋਂ ਬਣਾਏ ਕਰਾਫਟ ਦੇ ਸਮਾਨ ਨੂੰ ਵੀ ਵਾਚਿਆ ਤੇ ਸਕੂਲ ਦੀ ਕਾਰਗੁਜ਼ਾਰੀ ਵੀ ਵੇਖੀ, ਸਕੂਲ ਦੀ ਮੈਨੇਜਮੈਂਟ ਵੱਲੋਂ ਕੀਮਤੀ ਸਮਾਂ ਸਕੂਲ ਨੂੰ ਦੇਣ ਲਈ ਚੇਅਰਮੈਨ ਸ਼ਰਮਾ ਦਾ ਧੰਨਵਾਦ ਕੀਤਾ।
ਜਿਕਰਯੋਗ ਹੈ ਕਿ ਇਨ੍ਹਾਂ ਵਿਸ਼ੇਸ਼ ਬੱਚਿਆਂ ਦਾ ਪਾਠਕ੍ਰਮ ਆਮ ਸਕੂਲਾਂ ਵਰਗਾ ਨਹੀਂ ਹੁੰਦਾ ਅਤੇ ਨਾ ਹੀ ਇੱਕ ਵਿਸ਼ੇਸ਼ ਬੱਚੇ ਦਾ ਪਾਠਕ੍ਰਮ ਦੂਜੇ ਵਿਸ਼ੇਸ਼ ਬੱਚੇ ਨਾਲ ਮਿਲਦਾ ਹੈ, ਕਿਉਂਕਿ ਹਰੇਕ ਵਿਸ਼ੇਸ਼ ਬੱਚੇ ਦੀਆਂ ਜਰੂਰਤਾਂ ਵੱਖ-ਵੱਖ ਹੁੰਦੀਆਂ ਹਨ, ਇਸ ਲਈ ਉਨ੍ਹਾਂ ਦਾ ਪਾਠਕ੍ਰਮ ਇੱਕ ਖ਼ਾਸ ਕਿਸਮ ਦਾ ਪਾਠਕ੍ਰਮ ਹੁੰਦਾ ਹੈ।
ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਬੱਚੇ ਦਾ ਪਾਠਕ੍ਰਮ ਤਿਆਰ ਕਰਨ ਵੇਲੇ ਬੱਚੇ ਦੀ ਬੌਧਿਕ ਵਿਕਲਾਂਗਤਾ, ਵਿਕਲਾਂਗਤਾ ਦੀ ਅਵਸਥਾ, ਭੌਤਿਕ ਅਸੱਮਰਥਤਾ, ਨਿੱਜੀ ਜ਼ਰੂਰਤ ਪਰਿਵਾਰਿਕ ਜ਼ਰੂਰਤਾਂ ਅਤੇ ਹੋਰ ਕਈ ਤਰ੍ਹਾਂ ਦੇ ਕਾਰਕਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਪਾਠਕ੍ਰਮ ਦਾ ਜ਼ਿਆਦਾ ਝੁਕਾਅ ਆਮ ਜ਼ਿੰਦਗੀ ਨਾਲ ਜੁੜੀਆਂ ਨਿਯਮਿਤ ਕ੍ਰਿਆਵਾਂ ਜਿਵੇਂ ਕਿ ਪਖਾਨਾ ਕਰਨਾ, ਨਹਾਉਣਾ, ਆਪਣੇ ਆਪ ਨੂੰ ਸੰਵਾਰਨਾ, ਕਪੜੇ ਪਹਿਨਣੇ ਤੇ ਉਤਾਰਨੇ, ਰੋਟੀ ਖਾਣੀ, ਆਪਣੇ ਸਰੀਰ ਦੀ ਸਾਂਭ ਸੰਭਾਲ ਕਰਨੀ, ਦੂਜਿਆਂ ਦੁਆਰਾ ਪੁੱਛੇ ਆਮ ਸਵਾਲਾਂ ਦੇ ਜਵਾਬ ਦੇਣਾ, ਗੱਲਬਾਤ ਕਰਨਾ ਅਤੇ ਕਿਰਿਆਤਮਕ ਵਿੱਦਿਆ ਸਿੱਖਣ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਨਵਜੀਵਨੀ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਇੰਟਲੈਕਚੁਅਲ ਤੇ ਡਿਵਲਪਮੈਂਟ ਡਿਸੇਬਲ (ਮੰਦਬੁੱਧਿਤਾ) ਬੱਚਿਆਂ ਲਈ ਡੇ-ਬੋਰਡਿੰਗ ਅਤੇ ਹਾਸਟਲ ਦੀ ਸੁਵਿੱਧਾ ਵੀ ਪ੍ਰਦਾਨ ਕਰਦਾ ਹੈ, ਜਿਸ ਵਿੱਚ ਪੂਰੇ ਭਾਰਤ ਤੋਂ ਬੱਚੇ ਵਿਸ਼ੇਸ਼ ਸਿੱਖਿਆ ਪ੍ਰਾਪਤ ਕਰ ਰਹੇ ਹਨ।ਇਸ ਮੌਕੇ ਜ਼ਿਲ੍ਹਾ ਅਟਾਰਨੀ ਅਨਮੋਲ ਜੀਤ ਸਿੰਘ, ਡਾ. ਅਮਰਜੀਤ ਸਿੰਘ ਸੋਹੀ, ਸਕੱਤਰ ਸਰਬਜੀਤ ਕੌਰ ਸਮੇਤ ਸ਼ਹਿਰ ਦੇ ਹੋਰ ਵੀ ਪਤਵੰਤੇ ਵੀ ਹਾਜ਼ਿਰ ਹੋਏ।
******
ਫੋਟੋ ਕੈਪਸ਼ਨ-ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨਵਜੀਵਨੀ ਸਕੂਲ ਦੇ 44ਵੇਂ ਸਾਲਾਨਾ ਸਮਾਗਮ ਮੌਕੇ ਸ਼ਿਰਕਤ ਕਰਦੇ ਹੋਏ।