ਪਟਿਆਲਾ, 3 ਅਪ੍ਰੈਲ : ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਅਗਵਾਈ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਰਵਿੰਦਰਪਾਲ ਸ਼ਰਮਾ ਦੀ ਦੇਖ-ਰੇਖ ਹੇਠ ਜ਼ਿਲ੍ਹਾ ਪਟਿਆਲਾ ਦੇ 16 ਬਲਾਕਾਂ ਵਿੱਚੋਂ ਆਏ ਬਲਾਕ ਨੋਡਲ ਅਫ਼ਸਰਾਂ ਅਤੇ ਬਲਾਕ ਰਿਸੋਰਸ ਪਰਸਨਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਨੇ ਕੀਤੀ, ਜਿਸ ਵਿੱਚ ਸਕੂਲਾਂ ਵਿੱਚ ਮਿਸ਼ਨ ਸਮਰੱਥ ਦੀ ਬੇਸ ਲਾਈਨ ਟੈਸਟਿੰਗ, ਦਾਖ਼ਲਾ ਮੁਹਿੰਮ ਅਤੇ ਪੜ੍ਹਾਈ ਦੇ ਮਾਹੌਲ ਨੂੰ ਬਿਹਤਰ ਬਣਾਉਣ, ਸਰੰਚਨਾਤਕ ਢਾਂਚੇ ਦੇ ਲਈ ਮਿਲੀਆਂ ਗਰਾਂਟਾਂ ਦੀ ਉਚਿਤ ਢੰਗ ਨਾਲ ਵਰਤੋਂ ਅਤੇ ਦੇਖ-ਰੇਖ ਕਰਨ ਲਈ ਚਰਚਾ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਕੂਲਾਂ ਦੇ ਸੰਰਚਨਾਤਮਕ ਢਾਂਚੇ ਸੰਬੰਧੀ ਇਕ ਵਿਸ਼ੇਸ਼ ਪ੍ਰੋਗਰਾਮ ਲੜੀ ਚਲਾਈ ਜਾ ਰਹੀ ਹੈ। ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਹਰੇਕ ਸਕੂਲ ਮੁਖੀ, ਅਧਿਆਪਕ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਨੂੰ ਆਪਣੀ ਭੂਮਿਕਾ ਨਿਭਾਉਣੀ ਪਵੇਗੀ।
ਇਸ ਮੌਕੇ ਤੇ ਡਿਪਟੀ ਡੀਈਓ ਡਾ: ਰਵਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਨਵਾਂ ਅਕਾਦਮਿਕ ਸ਼ੈਸ਼ਨ ਵਧੀਆ ਢੰਗ ਨਾਲ ਸ਼ੁਰੂ ਕਰਨ ਅਤੇ ਵਿਦਿਆਰਥੀਆਂ ਲਈ ਇੱਕ ਉਤਸ਼ਾਹਜਨਕ ਪੜ੍ਹਾਈ ਦਾ ਮਾਹੌਲ ਬਣਾਉਣ ਵਾਸਤੇ ਟੀਮ ਵਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਸਕੂਲ ਵਿੱਚ ਮੁਖੀਆਂ ਅਤੇ ਅਧਿਆਪਕਾਂ ਦੀ ਸਮੇਂ ਸਮੇਂ ਓਰੀਐਂਟੇਸ਼ਨ ਕਰਵਾਈ ਜਾਵੇ, ਤਾਂ ਜੋ ਉਹ ਵਿਦਿਆਰਥੀਆਂ ਦੇ ਨਵੇਂ ਦਾਖ਼ਲਿਆਂ ਅਤੇ ਪੜ੍ਹਾਈ ਦੀ ਗੁਣਵੱਤਾ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਹੋਣ। ਮੀਟਿੰਗ ਵਿੱਚ ਮੁੱਖ ਰੂਪ ਵਿੱਚ ਮਿਸ਼ਨ ਸਮਰੱਥ ਦੀ ਬੇਸ ਲਾਈਨ ਟੈਸਟਿੰਗ ‘ਤੇ ਗਹਿਰੀ ਚਰਚਾ ਹੋਈ ਅਤੇ ਸਟੇਟ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ। ਉਹਨਾਂ ਕਿਹਾ ਇਸ ਮੁਹਿੰਮ ਦੇ ਤਹਿਤ ਵਿਦਿਆਰਥੀਆਂ ਦੀ ਸਿੱਖਣ- ਸਮਝਣ ਦੀ ਜਾਂਚ ਕੀਤੀ ਜਾਵੇਗੀ, ਤਾਂ ਜੋ ਉਨ੍ਹਾਂ ਦੀ ਪੜ੍ਹਾਈ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਕੇ ਉਨ੍ਹਾਂ ਨੂੰ ਹੋਰ ਬਿਹਤਰ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ।
ਡਾ: ਰਵਿੰਦਰਪਾਲ ਸ਼ਰਮਾ ਨੇ ਕਿਹਾ ਕਿ ਸਕੂਲਾਂ ਵਿੱਚ ਦਾਖ਼ਲਾ ਮੁਹਿੰਮ ਨੂੰ ਹੋਰ ਉਤਸ਼ਾਹ ਨਾਲ ਚਲਾਇਆ ਜਾਵੇ, ਤਾਂ ਜੋ ਹਰ ਇੱਕ ਯੋਗ ਵਿਦਿਆਰਥੀ ਸਕੂਲਾਂ ਵਿੱਚ ਦਾਖ਼ਲਾ ਲੈ ਸਕੇ। ਉਨ੍ਹਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਸਕੂਲਾਂ ਵਿੱਚ ਪੜ੍ਹਾਈ ਦੇ ਮਾਹੌਲ ਨੂੰ ਹੋਰ ਵਧੀਆ ਬਣਾਉਣ ਲਈ ਨਵੀਆਂ ਯੋਜਨਾਵਾਂ ਤੇ ਤਤਕਾਲ ਅਮਲ ਕਰਨਾ ਜ਼ਰੂਰੀ ਹੈ।
ਮੀਟਿੰਗ ਦੇ ਅੰਤ ਵਿੱਚ ਸਾਰੇ ਨੋਡਲ ਅਫ਼ਸਰਾਂ ਅਤੇ ਰਿਸੋਰਸ ਪਰਸਨਾਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਉਹ ਮਿਸ਼ਨ ਸਮਰੱਥ, ਦਾਖ਼ਲਾ ਮੁਹਿੰਮ ਅਤੇ ਸਿੱਖਿਆ ਦੀ ਗੁਣਵੱਤਾ ਨੂੰ ਉੱਚਾ ਚੁੱਕਣ ਲਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨਗੇ।
ਇਸ ਮੌਕੇ ਸ਼ਾਲੂ ਮਹਿਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਪਟਿਆਲਾ, ਪ੍ਰਿੰਸੀਪਲ ਜਸਪਾਲ ਸਿੰਘ ਸਕੂਲ ਆਫ ਐਮੀਨੈਂਸ ਮੰਡੌਰ, ਜ਼ਿਲ੍ਹਾ ਰਿਸੋਰਸ ਪਰਸਨ ਅਪਰ ਪ੍ਰਾਇਮਰੀ ਲਲਿਤ ਮੋਦਗਿਲ, ਹੈੱਡ ਮਾਸਟਰ ਰਾਜੀਵ ਕੁਮਾਰ ਡੀ.ਐੱਸ.ਐੱਮ, ਹੈੱਡ ਮਾਸਟਰ ਰਾਜਿੰਦਰ ਸਿੰਘ ਖਹਿਰਾ ਡੀ.ਐੱਸ.ਐੱਮ, ਹੈੱਡ ਮਾਸਟਰ ਜੀਵਨ ਸ਼ਰਮਾ, ਜਸਪਾਲ ਕੁਮਾਰ ਸ਼ਰਮਾ, ਹਰਪ੍ਰੀਤ ਸਿੰਘ ਰਾਜਿੰਦਰ ਸਿੰਘ ਚਾਨੀ ਅਤੇ ਹੋਰ ਬਲਾਕ ਨੋਡਲ ਅਫ਼ਸਰ ਅਤੇ ਰਿਸੋਰਸ ਪਰਸਨ ਹਾਜ਼ਰ ਸਨ।