Homeਪੰਜਾਬਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਡਾ. ਬੀ.ਆਰ. ਅੰਬੇਡਕਰ ਦੀ 51 ਫੁੱਟ ਉੱਚੀ...

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਡਾ. ਬੀ.ਆਰ. ਅੰਬੇਡਕਰ ਦੀ 51 ਫੁੱਟ ਉੱਚੀ ਪ੍ਰਤਿਮਾ ਦਾ ਰੱਖਿਆ ਨੀਂਹ ਪੱਥਰ

ਪਟਿਆਲਾ, 1 ਮਾਰਚ:
ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਪੁਰਾਣਾ ਬੱਸ ਅੱਡਾ ਨੇੜੇ ਲਗਾਈ ਜਾਣ ਵਾਲੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਦੀ 51 ਫੁੱਟ ਉੱਚੀ ਪ੍ਰਤਿਮਾ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਆਪਣੇ ਪਰਿਵਾਰ ਵੱਲੋਂ ਪ੍ਰਤਿਮਾ ਦੇ ਨਿਰਮਾਣ ਲਈ ਇੱਕ ਲੱਖ ਰੁਪਏ ਦਾ ਚੈੱਕ ਪ੍ਰਬੰਧਕਾਂ ਨੂੰ ਭੇਂਟ ਕੀਤਾ।
ਜ਼ਿਕਰਯੋਗ ਹੈ ਕਿ ਬੀਤੀ 18 ਫਰਵਰੀ ਨੂੰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਏਜੰਡੇ ਤੋਂ ਬਾਹਰੋਂ ਮਤਾ ਲਿਆ ਕੇ ਸਰਬਸੰਮਤੀ ਨਾਲ ਫ਼ੈਸਲਾ ਕਰਵਾਇਆ ਸੀ ਕਿ ਪਟਿਆਲਾ ਵਿਖੇ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੀ 51 ਫੁੱਟ ਉੱਚੀ ਪ੍ਰਤਿਮਾ ਲੱਗੇਗੀ, ਜਿਸ ਦਾ ਅੱਜ ਨੀਂਹ ਪੱਥਰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਰੱਖਿਆ ਗਿਆ ਹੈ।
ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸਾਡਾ ਇਹ ਸੁਪਨਾ ਸੀ ਕਿ ਅਸੀਂ ਪਟਿਆਲਾ ਸ਼ਹਿਰ ਵਿੱਚ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦੀ ਅਜਿਹੀ ਪ੍ਰਤਿਮਾ ਲਗਾਈਏ ਜੋ ਸਾਡੀ ਆਉਣ ਵਾਲੀਆਂ ਪੀੜੀਆਂ ਨੂੰ ਸੱਚੇ ਰਸਤੇ ‘ਤੇ ਚੱਲਣ ਲਈ ਉਨ੍ਹਾਂ ਦਾ ਮਾਰਗਦਰਸ਼ਨ ਕਰ ਸਕੇ। ਉਨ੍ਹਾਂ ਕਿਹਾ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਅਸੀਂ ਬਾਬਾ ਸਾਹਿਬ ਦੀ 51 ਫੁੱਟ ਉੱਚੀ ਪ੍ਰਤਿਮਾ ਪਟਿਆਲਾ ਦੇ ਪੁਰਾਣੇ ਬੱਸ ਅੱਡੇ ਦੇ ਸਾਹਮਣੇ ਸਥਾਪਤ ਕਰਨ ਜਾ ਰਹੇ ਹਾਂ, ਜੋ ਇਕ ਸਾਲ ਦੇ ਅੰਦਰ ਅੰਦਰ ਬਣ ਕੇ ਤਿਆਰ ਹੋ ਜਾਵੇਗੀ।
ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਡਾ. ਭੀਮ ਰਾਉ ਅੰਬੇਡਕਰ ਦੀ ਪ੍ਰਤਿਮਾ ਬਣਨ ਤੱਕ ਉਹ ਇੱਕ ਚੌਕੀਦਾਰ ਦੀ ਤਰ੍ਹਾਂ ਇਸ ਦੇ ਨਿਰਮਾਣ ਕਾਰਜ ਦੌਰਾਨ ਡਿਊਟੀ ਨਿਭਾਉਣਗੇ ਤੇ ਪ੍ਰਬੰਧਕਾਂ ਵੱਲੋਂ ਜੋ ਵੀ ਸੇਵਾ ਉਨ੍ਹਾਂ ਨੂੰ ਦਿੱਤੀ ਜਾਵੇਗੀ, ਉਹ ਉਸ ਨੂੰ ਕਰਨਗੇ। ਉਨ੍ਹਾਂ ਅੱਜ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਵੱਲੋਂ ਪ੍ਰਤਿਮਾ ਦਾ ਨਿਰਮਾਣ ਲਈ ਇੱਕ ਲੱਖ ਰੁਪਏ ਦਾ ਚੈੱਕ ਪ੍ਰਬੰਧਕਾਂ ਨੂੰ ਸੌਂਪਦਿਆਂ ਕਿਹਾ ਕਿ ਹੋਰ ਜੋ ਸੇਵਾ ਲਗਵਾਈ ਜਾਵੇਗੀ, ਉਨ੍ਹਾਂ ਦੇ ਪਰਿਵਾਰ ਵੱਲੋਂ ਪੂਰੀ ਕੀਤੀ ਜਾਵੇਗੀ। ਇਸ ਮੌਕੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਵੀ ਮੌਜੂਦ ਸਨ।
ਇਸ ਮੌਕੇ ਸਮਾਗਮ ਵਿੱਚ ਪੁੱਜੇ ਹੋਰਨਾਂ ਪਾਰਟੀਆਂ ਦੇ ਨੇਤਾਵਾਂ ਵੱਲੋਂ ਵੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਦੀ 51 ਫੁੱਟ ਉੱਚੀ ਪ੍ਰਤਿਮਾ ਲਗਾਉਣ ਲਈ ਨਗਰ ਨਿਗਮ ਦੇ ਜਨਰਲ ਇਜਲਾਸ ਵਿੱਚ ਕੀਤੀ ਪਹਿਲਕਦਮੀ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਸਮਾਗਮ ਵਿੱਚ ਪੁੱਜੇ ਵੱਡੀ ਗਿਣਤੀ ਸ਼ਹਿਰ ਵਾਸੀਆਂ ਨੇ ਕਿਹਾ ਕਿ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਸ. ਹਰੀ ਸਿੰਘ ਨਲਵਾ ਚੌਂਕ, ਮਹਾਰਾਜਾ ਅਗਰਸੈਨ ਚੌਂਕ, ਖੰਡਾ ਚੌਂਕ ਤੇ ਐਨ.ਆਈ.ਐਸ. ਚੌਂਕ ਵਿਖੇ ਲੈਫ਼ਟੀਨੈਂਟ ਕੁਲਦੀਪ ਸਿੰਘ ਆਹਲੂਵਾਲੀਆ ਦੀ ਯਾਦਗਾਰ ਦਾ ਨਿਰਮਾਣ ਕਰਵਾ ਕੇ ਸ਼ਹਿਰ ਵਾਸੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਯਾਦਗਾਰਾਂ ਸਾਨੂੰ ਸਾਡੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਂਦੀਆਂ ਹਨ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਬਾਬਾ ਸਾਹਿਬ ਇਕ ਯੁਗ ਪੁਰਸ਼ ਸਨ, ਜਿਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਏਗਾ। ਬਾਬਾ ਸਾਹਿਬ ਰਹਿੰਦੀ ਦੁਨੀਆਂ ਤੱਕ ਸਾਡੇ ਰੋਲ ਮਾਡਲ ਰਹਿਣਗੇ। ਉਨ੍ਹਾਂ ਦੱਸਿਆ ਕੇ ਪਟਿਆਲਾ ਵਿਖੇ ਲਗਾਈ ਗਈ 51 ਫੁੱਟ ਉੱਚੀ ਮੂਰਤੀ ਸਮੇਤ ਹੋਰ ਵੀ ਸਮਾਰਕ ਬਣਾਏ ਗਏ ਹਨ ਅਤੇ ਬਣਾ ਕੇ ਸਰਬ ਸਾਂਝੀਵਾਲਤਾ ਦਾ ਸਬੂਤ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਡਾ ਭੀਮ ਰਾਓ ਅੰਬੇਦਕਰ ਵੈਲਫੇਅਰ ਸੁਸਾਇਟੀ ਵਲੋਂ ਸ ਕੋਹਲੀ ਦਾ ਵਿਸੇਸ ਧੰਨਵਾਦ ਕੀਤਾ ਗਿਆ ਕਿ ਸਾਡੀ ਪਹਿਲੀ ਮੰਗ ਤੇ ਹੀ ਕੁਝ ਦਿਨਾਂ ਅੰਦਰ ਕੰਮ ਸ਼ੁਰੂ ਕਰਵਾ ਦਿੱਤਾ ਗਿਆ।
ਇਸ ਮੌਕੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਨਗਰ ਨਿਗਮ ਮੇਅਰ ਕੁੰਦਨ ਗੋਗੀਆ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜਾ, ਸਾਬਕਾ ਸੀਨੀਅਰ ਡਿਪਟੀ ਮੇਅਰ ਕਬੀਰ ਦਾਸ, ਬੀਬਾ ਜੈ ਇੰਦਰ ਕੌਰ, ਸੋਨੂੰ ਸੰਗਰ, ਨਰੇਸ਼ ਕੁਮਾਰ ਬੌਬੀ, ਰਾਜੇਸ਼ ਘਾਰੂ, ਰਾਮ ਚੰਦਰ ਟਾਂਕ, ਜਤਿੰਦਰ ਕੁਮਾਰ ਪ੍ਰਿੰਸ, ਹੈਪੀ ਲੋਹਟ, ਪਵਨ ਧਾਰੀਵਾਲ, ਪ੍ਰੇਮ ਲਤਾ, ਵਿਜੈ ਸ਼ਾਹ, ਰਾਜੇਸ਼ ਕੁਮਾਰ, ਨੇਹਾ ਸੰਧੂ, ਸੋਨੀਆ ਦਾਸ, ਸਾਗਰ ਧਾਰੀਵਾਲ, ਜਗਮੋਹਨ ਸਿੰਘ, ਅਜੇ ਡਾਬੀ ਤੇ ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ, ਸੈਂਟਰ ਵਾਲਮੀਕੀ ਸਭਾ ਅਤੇ ਵਾਲਮੀਕੀ ਧਰਮ ਸਭਾ ਦੇ ਵੱਡੀ ਗਿਣਤੀ ਅਹੁਦੇਦਾਰ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments