Homeਹੁਕਮਨਾਮਾ ਸਾਹਿਬਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ( 18-ਫਰਵਰੀ-2025)

ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ( 18-ਫਰਵਰੀ-2025)

ਸਲੋਕ ਮਃ ੩ ॥ ਧ੍ਰਿਗੁ ਏਹ ਆਸਾ ਦੂਜੇ ਭਾਵ ਕੀ ਜੋ ਮੋਹਿ ਮਾਇਆ ਚਿਤੁ ਲਾਏ ॥ ਹਰਿ ਸੁਖੁ ਪਲ੍ਹ੍ਹਰਿ ਤਿਆਗਿਆ ਨਾਮੁ ਵਿਸਾਰਿ ਦੁਖੁ ਪਾਏ ॥ ਮਨਮੁਖ ਅਗਿਆਨੀ ਅੰਧੁਲੇ ਜਨਮਿ ਮਰਹਿ ਫਿਰਿ ਆਵੈ ਜਾਏ ॥ ਕਾਰਜ ਸਿਧਿ ਨ ਹੋਵਨੀ ਅੰਤਿ ਗਇਆ ਪਛੁਤਾਏ ॥ ਜਿਸੁ ਕਰਮੁ ਹੋਵੈ ਤਿਸੁ ਸਤਿਗੁਰੁ ਮਿਲੈ ਸੋ ਹਰਿ ਹਰਿ ਨਾਮੁ ਧਿਆਏ ॥ ਨਾਮਿ ਰਤੇ ਜਨ ਸਦਾ ਸੁਖੁ ਪਾਇਨ੍ਹ੍ਹਿ ਜਨ ਨਾਨਕ ਤਿਨ ਬਲਿ ਜਾਏ ॥੧॥ ਮਃ ੩ ॥ ਆਸਾ ਮਨਸਾ ਜਗਿ ਮੋਹਣੀ ਜਿਨਿ ਮੋਹਿਆ ਸੰਸਾਰੁ ॥ ਸਭੁ ਕੋ ਜਮ ਕੇ ਚੀਰੇ ਵਿਚਿ ਹੈ ਜੇਤਾ ਸਭੁ ਆਕਾਰੁ ॥ ਹੁਕਮੀ ਹੀ ਜਮੁ ਲਗਦਾ ਸੋ ਉਬਰੈ ਜਿਸੁ ਬਖਸੈ ਕਰਤਾਰੁ ॥ ਨਾਨਕ ਗੁਰ ਪਰਸਾਦੀ ਏਹੁ ਮਨੁ ਤਾਂ ਤਰੈ ਜਾ ਛੋਡੈ ਅਹੰਕਾਰੁ ॥ ਆਸਾ ਮਨਸਾ ਮਾਰੇ ਨਿਰਾਸੁ ਹੋਇ ਗੁਰ ਸਬਦੀ ਵੀਚਾਰੁ ॥੨॥

ਪੰਜਾਬੀ ਵਿਆਖਿਆ : ਜਿਹੜਾ ਮਨੁੱਖ ਮਾਇਆ ਦੇ ਮੋਹ ਵਿਚ (ਆਪਣਾ) ਚਿੱਤ ਜੋੜਦਾ ਹੈ ਉਸ ਦੀ ਇਹ ਮਾਇਆ ਨਾਲ ਪਿਆਰ ਵਧਾਣ ਵਾਲੀ ਆਸ (ਉਸ ਦੇ ਵਾਸਤੇ) ਫਿਟਕਾਰ ਹੀ ਖੱਟਣ ਵਾਲੀ ਹੁੰਦੀ ਹੈ (ਕਿਉਂਕਿ ਉਹ ਮਨੁੱਖ) ਪਰਮਾਤਮਾ ਦੇ ਨਾਮ ਦਾ ਆਨੰਦ ਪਰਾਲੀ ਦੇ ਵੱਟੇ ਤਿਆਗਦਾ ਹੈ, ਪਰਮਾਤਮਾ ਦਾ ਨਾਮ ਭੁਲਾ ਕੇ ਉਹ ਦੁੱਖ (ਹੀ) ਪਾਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਰਹਿੰਦੇ ਹਨ, ਜੀਵਨ ਦਾ ਸਹੀ ਰਸਤਾ ਉਹਨਾਂ ਨੂੰ ਨਹੀਂ ਦਿੱਸਦਾ (ਇਸ ਵਾਸਤੇ ਉਹ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਮਨਮੁਖ ਬੰਦਾ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ। (ਪ੍ਰਭੂ ਨੂੰ ਵਿਸਾਰ ਕੇ ਮਨਮੁਖ ਨੇ ਹੋਰ ਹੋਰ ਕਈ ਧੰਧੇ ਸਹੇੜੇ ਹੁੰਦੇ ਹਨ, ਉਹਨਾਂ) ਕੰਮਾਂ ਵਿਚ (ਉਸ ਨੂੰ) ਕਾਮਯਾਬੀਆਂ ਨਹੀਂ ਹੁੰਦੀਆਂ, ਆਖ਼ਰ ਇਥੋਂ ਹਾਹੁਕੇ ਲੈਂਦਾ ਹੀ ਜਾਂਦਾ ਹੈ। ਜਿਸ ਮਨੁੱਖ ਉਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਉਸ ਨੂੰ ਗੁਰੂ ਮਿਲਦਾ ਹੈ, ਉਹ ਸਦਾ ਪ੍ਰਭੂ ਦਾ ਨਾਮ ਸਿਮਰਦਾ ਹੈ। ਨਾਮ ਵਿਚ ਰੰਗੇ ਹੋਏ ਮਨੁੱਖ ਸਦਾ ਆਤਮਕ ਆਨੰਦ ਮਾਣਦੇ ਹਨ। ਹੇ ਦਾਸ ਨਾਨਕ! (ਆਖ-) ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।੧। ਹੇ ਭਾਈ! (ਹਰ ਵੇਲੇ ਮਾਇਆ ਦੀ) ਆਸ (ਹਰ ਵੇਲੇ ਮਾਇਆ ਦੀ ਹੀ) ਚਿਤਵਨੀ ਜਗਤ ਵਿਚ (ਜੀਵਾਂ ਨੂੰ) ਮੋਹ ਰਹੀ ਹੈ, ਇਸ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਜਿਤਨਾ ਭੀ ਜਗਤ ਦਿੱਸ ਰਿਹਾ ਹੈ (ਇਸ ਆਸਾ ਮਨਸਾ ਦੇ ਕਾਰਨ ਜਗਤ ਦਾ) ਹਰੇਕ ਜੀਵ ਆਤਮਕ ਮੌਤ ਦੇ ਪੰਜੇ ਵਿਚ ਹੈ। (ਪਰ) ਇਹ ਆਤਮਕ ਮੌਤ (ਪਰਮਾਤਮਾ ਦੇ) ਹੁਕਮ ਵਿਚ ਹੀ ਵਿਆਪਦੀ ਹੈ (ਇਸ ਵਾਸਤੇ ਇਸ ਤੋਂ) ਉਹੀ ਬਚਦਾ ਹੈ ਜਿਸ ਉਤੇ ਕਰਤਾਰ ਮਿਹਰ ਕਰਦਾ ਹੈ (ਤੇ, ਪਰਮਾਤਮਾ ਬਖ਼ਸ਼ਸ਼ ਕਰਦਾ ਹੈ ਗੁਰੂ ਦੀ ਰਾਹੀਂ)। ਹੇ ਨਾਨਕ! ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ (ਆਪਣੇ ਅੰਦਰੋਂ) ਅਹੰਕਾਰ ਦੂਰ ਕਰਦਾ ਹੈ, ਜਦੋਂ ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜਦਾ ਹੈ ਤਦੋਂ ਮਨੁੱਖ ਆਸਾ ਮਨਸਾ ਨੂੰ ਮੁਕਾ ਲੈਂਦਾ ਹੈ (ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ) ਆਸਾਂ ਤੋਂ ਉਤਾਂਹ ਰਹਿੰਦਾ ਹੈ, ਤਦੋਂ ਮਨੁੱਖ ਦਾ ਮਨ (ਆਸਾ ਮਨਸਾ ਦੀ ਘੁੰਮਣ-ਘੇਰੀ ਵਿਚੋਂ) ਪਾਰ ਲੰਘ ਜਾਂਦਾ ਹੈ।੨।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments