ਅਮਰੀਕਾ, 25 ਨਵੰਬਰ 2026 (ਸ਼ਹੀਦ-ਏ-ਆਜ਼ਮ-ਬਿਊਰੋ ) : ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਚਲਾਈ ਜਾ ਰਹੀ ਸਖ਼ਤ ਮੁਹਿੰਮ ਦਾ ਅਸਰ ਭਾਰਤੀ ਨਾਬਾਲਗਾਂ ’ਤੇ ਵੀ ਪੈ ਰਿਹਾ ਹੈ। ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (USCBP) ਦੇ ਅੰਕੜਿਆਂ ਅਨੁਸਾਰ, ਵਿੱਤੀ ਸਾਲ 2023 ਤੋਂ ਹੁਣ ਤੱਕ ਬਿਨਾਂ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤ ਦੇ ਅਮਰੀਕਾ ਪਹੁੰਚੇ 1,389 ਭਾਰਤੀ ਬੱਚਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹਾਲਾਂਕਿ, ਉਪਲਬਧ ਅੰਕੜਿਆਂ ਮੁਤਾਬਕ ਇਨ੍ਹਾਂ ਵਿੱਚੋਂ ਕਿਸੇ ਵੀ ਨਾਬਾਲਗ ਨੂੰ ਹੁਣ ਤੱਕ ਭਾਰਤ ਡਿਪੋਰਟ ਨਹੀਂ ਕੀਤਾ ਗਿਆ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਮਰੀਕੀ ਸਰਹੱਦ ’ਤੇ ਸਖ਼ਤੀ ਵਧਣ ਨਾਲ ਇਕੱਲਿਆਂ ਅਮਰੀਕਾ ਪਹੁੰਚਣ ਵਾਲੇ ਭਾਰਤੀ ਨਾਬਾਲਗਾਂ ਦੀ ਗਿਣਤੀ ਵਿੱਚ ਲਗਾਤਾਰ ਕਮੀ ਆਈ ਹੈ। ਵਿੱਤੀ ਸਾਲ 2023 ਦੌਰਾਨ 730 ਭਾਰਤੀ ਬੱਚੇ ਹਿਰਾਸਤ ਵਿੱਚ ਲਏ ਗਏ ਸਨ। ਇਹ ਗਿਣਤੀ 2024 ਵਿੱਚ 517, 2025 ਵਿੱਚ 91 ਅਤੇ 2026 ਵਿੱਚ ਘਟ ਕੇ 51 ਰਹਿ ਗਈ। ਵਿੱਤੀ ਸਾਲ 2027 ਦੇ ਪਹਿਲੇ ਮਹੀਨੇ ਅਕਤੂਬਰ 2026 ਵਿੱਚ ਸਿਰਫ਼ ਦੋ ਭਾਰਤੀ ਨਾਬਾਲਗਾਂ ਨੂੰ ਹਿਰਾਸਤ ਵਿੱਚ ਲਏ ਜਾਣ ਦਾ ਅੰਕੜਾ ਸਾਹਮਣੇ ਆਇਆ ਹੈ। ਇਮੀਗ੍ਰੇਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਪਹਿਲਾਂ ਕੁਝ ਪਰਿਵਾਰ ਬਿਹਤਰ ਭਵਿੱਖ ਅਤੇ ਅਮਰੀਕਾ ਵਿੱਚ ਕਾਨੂੰਨੀ ਰਿਹਾਇਸ਼ ਦੀ ਉਮੀਦ ਨਾਲ ਆਪਣੇ ਬੱਚਿਆਂ ਨੂੰ ਇਕੱਲਿਆਂ ਉੱਥੇ ਭੇਜਦੇ ਸਨ। ਅਜਿਹੇ ਬੱਚਿਆਂ ਨੂੰ ਆਮ ਤੌਰ ’ਤੇ ‘ਗ੍ਰੀਨ ਕਾਰਡ ਬੇਬੀਜ਼’ ਕਿਹਾ ਜਾਂਦਾ ਸੀ। ਪਰ ਹੁਣ ਇਮੀਗ੍ਰੇਸ਼ਨ ਨਿਯਮਾਂ ਦੀ ਸਖ਼ਤੀ ਅਤੇ ਦੇਸ਼ ਨਿਕਾਲੇ ਦੀ ਸੰਭਾਵਨਾ ਕਾਰਨ ਇਸ ਰੁਝਾਨ ਵਿੱਚ ਵੱਡੀ ਗਿਰਾਵਟ ਆਈ ਹੈ।
ਇਹ ਸਥਿਤੀ ਸਿਰਫ਼ ਭਾਰਤੀ ਬੱਚਿਆਂ ਤੱਕ ਸੀਮਤ ਨਹੀਂ ਹੈ। ਹੋਰ ਦੇਸ਼ਾਂ ਤੋਂ ਬਿਨਾਂ ਮਾਪਿਆਂ ਦੇ ਅਮਰੀਕਾ ਪਹੁੰਚਣ ਵਾਲੇ ਨਾਬਾਲਗਾਂ ਦੀ ਗਿਣਤੀ ਵਿੱਚ ਵੀ ਭਾਰੀ ਕਮੀ ਦਰਜ ਕੀਤੀ ਗਈ ਹੈ। ਸਾਲ 2024 ਵਿੱਚ ਅਜਿਹੇ ਬੱਚਿਆਂ ਦੀ ਗਿਣਤੀ ਲਗਭਗ 1.1 ਲੱਖ ਸੀ, ਜਦਕਿ 2026 ਵਿੱਚ ਇਹ ਘਟ ਕੇ 9,190 ਰਹਿ ਗਈ। ਅਕਤੂਬਰ 2026 ਦੌਰਾਨ ਇਹ ਅੰਕੜਾ ਸਿਰਫ਼ 722 ਦਰਜ ਕੀਤਾ ਗਿਆ।ਇਸ ਦੇ ਨਾਲ ਹੀ ਅਮਰੀਕਾ ਵਿੱਚ ਪਹਿਲਾਂ ਤੋਂ ਰਹਿ ਰਹੇ ਕਈ ਭਾਰਤੀ ਨੌਜਵਾਨਾਂ ਵਿੱਚ ਵੀ ਇਮੀਗ੍ਰੇਸ਼ਨ ਕਾਰਵਾਈ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਡਿਪੋਰਟ ਹੋਣ ਦੇ ਡਰ ਕਾਰਨ ਕੁਝ ਨੌਜਵਾਨ ਸ਼ਰਨ ਸਬੰਧੀ ਅਦਾਲਤੀ ਸੁਣਵਾਈਆਂ ਵਿੱਚ ਸ਼ਾਮਲ ਹੋਣ ਤੋਂ ਵੀ ਝਿਜਕ ਰਹੇ ਹਨ। ਰਿਪੋਰਟ ਅਨੁਸਾਰ, ਵਿੱਤੀ ਸਾਲ 2026 ਦੌਰਾਨ ਅਮਰੀਕਾ ਵਿੱਚ ਗੈਰ-ਕਾਨੂੰਨੀ ਦਾਖ਼ਲੇ ਦੇ 2,30,528 ਮਾਮਲਿਆਂ ਨਾਲ ਭਾਰਤ ਮੈਕਸੀਕੋ ਅਤੇ ਕੈਨੇਡਾ ਤੋਂ ਬਾਅਦ ਤੀਜੇ ਸਥਾਨ ’ਤੇ ਰਿਹਾ। ਇਹ ਅੰਕੜੇ ਅਮਰੀਕਾ ਵਿੱਚ ਭਾਰਤੀ ਪ੍ਰਵਾਸੀਆਂ ਨਾਲ ਜੁੜੀਆਂ ਚੁਣੌਤੀਆਂ ਅਤੇ ਬਦਲ ਰਹੀ ਇਮੀਗ੍ਰੇਸ਼ਨ ਸਥਿਤੀ ਨੂੰ ਦਰਸਾਉਂਦੇ ਹਨ।
