Homeਪਟਿਆਲਾ ਅਪਡੇਟਪੀਪੀਸੀਬੀ ਦੇ ‘ਮਿਸ਼ਨ ਕਲੀਨ ਪਟਿਆਲਾ' ਤਹਿਤ 13.79 ਟਨ ਕੂੜਾ ਚੁੱਕਿਆ

ਪੀਪੀਸੀਬੀ ਦੇ ‘ਮਿਸ਼ਨ ਕਲੀਨ ਪਟਿਆਲਾ’ ਤਹਿਤ 13.79 ਟਨ ਕੂੜਾ ਚੁੱਕਿਆ

13.79 tonnes of waste collected under PPCB’s Mission Clean Patiala initiative.

ਪਟਿਆਲਾ, 30 ਸਤੰਬਰ, 2026 (ਗੁਰਮੀਤ ਸਿੰਘ ਤੁੰਗ ): ਪਟਿਆਲਾ ਨੂੰ ਹੋਰ ਸਾਫ਼-ਸੁਥਰਾ ਬਣਾਉਣ ਦੇ ਉਦੇਸ਼ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਪੀਪੀਸੀਬੀ ਦੀ ਚੇਅਰਪਰਸਨ ਰੀਨਾ ਗੁਪਤਾ ਦੀ ਅਗਵਾਈ ਹੇਠ ਅਪ੍ਰੈਲ 2026 ਵਿੱਚ ਸ਼ੁਰੂ ਕੀਤੀ ਲਗਾਤਾਰ ਸਫ਼ਾਈ ਅਤੇ ਸੁੰਦਰੀਕਰਨ ਮੁਹਿੰਮ ‘ਮਿਸ਼ਨ ਕਲੀਨ ਪਟਿਆਲਾ’ ਦੇ ਦੋ ਪੜਾਅ ਸਫਲਤਾਪੂਰਵਕ ਪੂਰੇ ਕਰ ਲਏ ਗਏ ਹਨ। ਪਟਿਆਲਾ ਵਿਖੇ ਇੱਕ ਸਮਾਗਮ ਦੌਰਾਨ ਚੇਅਰਪਰਸਨ ਰੀਨਾ ਗੁਪਤਾ ਅਤੇ ਕਮਿਸ਼ਨਰ, ਨਗਰ ਨਿਗਮ ਪੂਜਾ ਸਿਆਲ ਗਰੇਵਾਲ ਨੇ ਨਿਯਮਤ ਗਤੀਵਿਧੀਆਂ ਦੀ ਨਿਗਰਾਨੀ ਲਈ ਡੈਸ਼ਬੋਰਡ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਦੇ ਉਦੇਸ਼ ਨਾਲ ‘ਪਲਾਸਟਿਕ-ਮੁਕਤ ਲੰਚ’ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ।


‘ਮਿਸ਼ਨ ਕਲੀਨ ਏਅਰ ਪਟਿਆਲਾ’ ਤਹਿਤ ਚਲਾਈ ਜਾ ਰਹੀ ‘ਮਿਸ਼ਨ ਕਲੀਨ ਪਟਿਆਲਾ’ ਮੁਹਿੰਮ ਵਿੱਚ ਹੁਣ ਤੱਕ 50 ਤੋਂ ਵੱਧ ਸੰਸਥਾਵਾਂ ਨੇ ਭਾਗ ਲਿਆ ਹੈ, ਜਿਨ੍ਹਾਂ ਵਿੱਚ ਮੁੱਖ/ਭਾਗੀਦਾਰ ਅਤੇ ਸਹਿਯੋਗੀ ਸੰਸਥਾਵਾਂ ਸ਼ਾਮਲ ਹਨ। ਹੁਣ ਤੱਕ 72 ਗਤੀਵਿਧੀਆਂ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚ ਸਫ਼ਾਈ, ਜਾਗਰੂਕਤਾ ਅਤੇ ਬੂਟੇ ਲਗਾਉਣ ਨਾਲ ਸਬੰਧਤ ਗਤੀਵਿਧੀਆਂ ਸ਼ਾਮਲ ਹਨ।
ਡੈਸ਼ਬੋਰਡ ਅਨੁਸਾਰ ਹੁਣ ਤੱਕ 13,790 ਕਿਲੋਗ੍ਰਾਮ (13.79 ਟਨ) ਕੂੜਾ ਹਟਾਇਆ ਗਿਆ, 800 ਬੂਟੇ ਲਗਾਏ ਗਏ ਅਤੇ 1,814 ਵਲੰਟੀਅਰਾਂ ਨੇ ਭਾਗ ਲਿਆ। ਇਨ੍ਹਾਂ ਵਿੱਚ ਵਿਦਿਆਰਥੀ, ਅਧਿਆਪਕ, ਗੈਰ-ਸਰਕਾਰੀ ਸੰਸਥਾਵਾਂ (ਐਨਜੀਓ), ਅਧਿਕਾਰੀ ਅਤੇ ਸ਼ਹਿਰ ਵਾਸੀ ਸ਼ਾਮਲ ਹਨ। ਇਸ ਮੁਹਿੰਮ ਨੇ ਵਿੱਦਿਅਕ ਸੰਸਥਾਵਾਂ, ਸਰਕਾਰੀ ਸੰਗਠਨਾਂ, ਐਨਜੀਓਜ਼ ਅਤੇ ਆਮ ਨਾਗਰਿਕਾਂ ਨੂੰ ਇਕੱਠਾ ਕਰਕੇ ਜਨਤਕ ਥਾਵਾਂ ਦੀ ਸਾਂਭ-ਸੰਭਾਲ ਪ੍ਰਤੀ ਵਧੇਰੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕੀਤੀ ਹੈ। ਭਾਗ ਲੈਣ ਵਾਲੀਆਂ ਸੰਸਥਾਵਾਂ ਵੱਲੋਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਵੀ ਲੋਕਾਂ ਨੂੰ ਸਫ਼ਾਈ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਨਾਲ ਸਫ਼ਾਈ ਦਾ ਸੰਦੇਸ਼ ਹੋਰ ਵਿਆਪਕ ਪੱਧਰ ਤੱਕ ਪਹੁੰਚ ਰਿਹਾ ਹੈ।

ਪੀਪੀਸੀਬੀ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ “ਮਿਸ਼ਨ ਕਲੀਨ ਪਟਿਆਲਾ’ ਦਾ ਮੁੱਖ ਉਦੇਸ਼ ਸਭ ਤੋਂ ਪਹਿਲਾਂ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣਾ ਅਤੇ ਸੜਕਾਂ ਤੇ ਜਨਤਕ ਥਾਵਾਂ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ। ਸਕੂਲਾਂ, ਕਾਲਜਾਂ, ਸਰਕਾਰੀ ਸੰਸਥਾਵਾਂ, ਐਨਜੀਓਜ਼ ਅਤੇ ਨਾਗਰਿਕਾਂ ਵੱਲੋਂ ਵੱਖ-ਵੱਖ ਪੀੜ੍ਹੀਆਂ-ਜਨਰੇਸ਼ਨ ਜੈੱਡ, ਮਿਲੇਨੀਅਲਜ਼ ਅਤੇ ਜਨਰੇਸ਼ਨ ਐਕਸ-ਦੀ ਉਤਸ਼ਾਹਪੂਰਵਕ ਸ਼ਮੂਲੀਅਤ ਇਹ ਦਰਸਾਉਂਦੀ ਹੈ ਕਿ ਜਦੋਂ ਭਾਈਚਾਰਾ ਖੁਦ ਜਨਤਕ ਥਾਵਾਂ ਦੀ ਜ਼ਿੰਮੇਵਾਰੀ ਲੈਂਦਾ ਹੈ ਤਾਂ ਸਫ਼ਾਈ ਦੇ ਯਤਨ ਹੋਰ ਪ੍ਰਭਾਵਸ਼ਾਲੀ ਅਤੇ ਟਿਕਾਊ ਬਣਦੇ ਹਨ। ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਇਹ ਸਰਗਰਮੀਆਂ ਸਿਰਫ਼ ਇੱਕ-ਵਾਰ ਹੋਣ ਵਾਲੀਆਂ ਮੁਹਿੰਮਾਂ ਤੱਕ ਸੀਮਤ ਨਾ ਰਹਿਣ, ਸਗੋਂ ਨਾਗਰਿਕ ਅਤੇ ਵਾਤਾਵਰਣਕ ਜ਼ਿੰਮੇਵਾਰੀ ਦਾ ਨਿਯਮਤ ਹਿੱਸਾ ਬਣਨ।”
ਮੁਹਿੰਮ ਦੇ ਅਗਲੇ ਪੜਾਅ ਵਜੋਂ ਪੀਪੀਸੀਬੀ ਵੱਲੋਂ ਸਕੂਲਾਂ ਅਤੇ ਕਾਲਜਾਂ ਲਈ ‘ਪਲਾਸਟਿਕ-ਮੁਕਤ ਲੰਚ’ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਸੰਸਥਾਵਾਂ ਨੂੰ ਲੰਚ ਬਾਕਸ ਅਤੇ ਲੰਚ ਨਾਲ ਸਬੰਧਤ ਹੋਰ ਸਮੱਗਰੀ ਵਿੱਚ ਪਲਾਸਟਿਕ ਦੀ ਵਰਤੋਂ ਘਟਾਉਣ ਵਾਲੇ ਤਰੀਕੇ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਪਹਿਲਕਦਮੀ ਨੂੰ ਸਫਲਤਾਪੂਰਵਕ ਲਾਗੂ ਕਰਨ ਵਾਲੀਆਂ ਸੰਸਥਾਵਾਂ ਨੂੰ ਮੁਹਿੰਮ ਤਹਿਤ ਸਨਮਾਨਿਤ ਕੀਤਾ ਜਾਵੇਗਾ। ਪੀਪੀਸੀਬੀ ਵੱਲੋਂ ਭਾਗ ਲੈਣ ਵਾਲੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਸੜਕਾਂ ਦੀ ਸਫ਼ਾਈ ਲਈ ਮੁਹਿੰਮਾਂ ਜਾਰੀ ਰੱਖੀਆਂ ਜਾਣਗੀਆਂ ਅਤੇ ਕਾਰਗੁਜ਼ਾਰੀ ਦੀ ਹਰ ਤਿਮਾਹੀ ਸਮੀਖਿਆ ਕੀਤੀ ਜਾਵੇਗੀ। ਸਾਲਾਨਾ ਪੱਧਰ ’ਤੇ ਸਭ ਤੋਂ ਬਿਹਤਰ ਕਾਰਗੁਜ਼ਾਰੀ ਕਰਨ ਵਾਲੀ ਸੰਸਥਾ ਨੂੰ ਰਾਜ ਪੱਧਰੀ ਸ਼ਹੀਦ ਭਗਤ ਸਿੰਘ ਪੁਰਸਕਾਰ ਲਈ ਸਿਫ਼ਾਰਸ਼ ਕੀਤਾ ਜਾਵੇਗਾ। ਇਸ ਦਾ ਉਦੇਸ਼ ਸੰਸਥਾਵਾਂ ਨੂੰ ਵਾਤਾਵਰਣ ਸੰਭਾਲ ਨਾਲ ਜੁੜੀਆਂ ਸਰਗਰਮੀਆਂ ਨੂੰ ਨਿਰੰਤਰ ਜਾਰੀ ਰੱਖਣ ਅਤੇ ਸਾਫ਼-ਸੁਥਰੇ ਸ਼ਹਿਰ ਲਈ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨਾ ਹੈ।

ਇਨ੍ਹਾਂ ਉਪਰਾਲਿਆਂ ਰਾਹੀਂ ‘ਮਿਸ਼ਨ ਕਲੀਨ ਪਟਿਆਲਾ’ ਦਾ ਉਦੇਸ਼ ਸਾਫ਼ ਸੜਕਾਂ, ਜ਼ਿੰਮੇਵਾਰ ਕੂੜਾ ਪ੍ਰਬੰਧਨ, ਹਰਿਆ-ਭਰਿਆ ਜਨਤਕ ਵਾਤਾਵਰਣ ਅਤੇ ਬਿਹਤਰ ਹਵਾ ਗੁਣਵੱਤਾ ਵਿਚਕਾਰ ਨਿਰੰਤਰ ਸਬੰਧ ਸਥਾਪਤ ਕਰਨਾ ਹੈ। ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਕਿ ਕੂੜਾ ਖੁੱਲ੍ਹੇ ਵਿੱਚ ਸੁੱਟਣ ਤੋਂ ਰੋਕਣਾ ਅਤੇ ਕੂੜੇ ਦਾ ਸਹੀ ਪ੍ਰਬੰਧਨ ਕਰਨਾ ਹਵਾ ਦੀ ਗੁਣਵੱਤਾ ਦੇ ਪੱਖੋਂ ਵੀ ਮਹੱਤਵਪੂਰਨ ਹੈ, ਕਿਉਂਕਿ ਇਕੱਠਾ ਹੋਇਆ ਕੂੜਾ ਆਖ਼ਰਕਾਰ ਖੁੱਲ੍ਹੇ ਵਿੱਚ ਸਾੜਨ ਦਾ ਕਾਰਨ ਬਣ ਸਕਦਾ ਹੈ, ਜਿਸ ਨਾਲ ਹਾਨੀਕਾਰਕ ਪ੍ਰਦੂਸ਼ਕ ਤੱਤ ਹਵਾ ਵਿੱਚ ਫੈਲਦੇ ਹਨ। ਉਨ੍ਹਾਂ ਨੇ ਸਫ਼ਾਈ ਮੁਹਿੰਮਾਂ ਦੇ ਨਾਲ ਲੋਕਾਂ ਵਿੱਚ ਵਧੇਰੇ ਜਾਗਰੂਕਤਾ, ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣ ਅਤੇ ਹਰਿਆਲੀ ਵਧਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ, ਤਾਂ ਜੋ ਸਾਂਝੇ ਯਤਨਾਂ ਰਾਹੀਂ ਪਟਿਆਲਾ ਨੂੰ ਹੋਰ ਸਾਫ਼ ਅਤੇ ਸਿਹਤਮੰਦ ਬਣਾਇਆ ਜਾ ਸਕੇ। ਪੀਪੀਸੀਬੀ ਨੇ ‘ਮਿਸ਼ਨ ਕਲੀਨ ਪਟਿਆਲਾ’ ਵਿੱਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਭਾਗੀਦਾਰ ਸੰਸਥਾਵਾਂ, ਸਰਕਾਰੀ ਸੰਗਠਨਾਂ, ਐਨਜੀਓਜ਼, ਵਿੱਦਿਅਕ ਸੰਸਥਾਵਾਂ, ਵਿਦਿਆਰਥੀਆਂ, ਵਲੰਟੀਅਰਾਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਬੋਰਡ ਵੱਲੋਂ ਚੇਅਰਪਰਸਨ ਦੀ ਅਗਵਾਈ ਹੇਠ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਜਾਂਦਾ ਰਹੇਗਾ, ਜਿਸ ਦਾ ਮੁੱਖ ਉਦੇਸ਼ ਪਟਿਆਲਾ ਨੂੰ ਸਾਫ਼-ਸੁਥਰਾ ਰੱਖਣਾ ਅਤੇ ਸਫ਼ਾਈ ਤੇ ਵਾਤਾਵਰਣ ਸੰਭਾਲ ਵਿੱਚ ਲੋਕਾਂ ਦੀ ਨਿਰੰਤਰ ਭਾਗੀਦਾਰੀ ਯਕੀਨੀ ਬਣਾਉਣਾ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments