ਹਿਮਾਚਲ ਪ੍ਰਦੇਸ਼, 23 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ) : ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ ਵਿੱਚ ਉਗਾਏ ਗਏ ‘ਸਿੰਧੂਰੀ’ ਕਿਸਮ ਦੇ ਅਨਾਰਾਂ ਦੀ 1.3 ਮੀਟ੍ਰਿਕ ਟਨ ਦੀ ਖੇਪ 21 ਅਕਤੂਬਰ, 2026 ਨੂੰ ਦੁਬਈ (ਯੂ.ਏ.ਈ.) ਲਈ ਬਰਾਮਦ (ਐਕਸਪੋਰਟ) ਕੀਤੀ ਗਈ ਹੈ। ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (APEDA) ਦੇ ਖੇਤਰੀ ਦਫ਼ਤਰ ਚੰਡੀਗੜ੍ਹ ਨੇ ਇਸ ਨਿਰਯਾਤ ਨੂੰ ਸੁਚਾਰੂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਹ ਅਨਾਰ ਸਥਾਨਕ ਕਿਸਾਨਾਂ ਅਤੇ ਭੁੰਤਰ ਫਾਰਮਰ ਪ੍ਰੋਡਿਊਸਰ ਕੰਪਨੀ (FPO), ਕੁੱਲੂ ਤੋਂ ਸਿੱਧੇ ਤੌਰ ‘ਤੇ ਖਰੀਦੇ ਗਏ ਹਨ, ਜਿਸ ਨਾਲ ਲਗਭਗ 600 ਕਿਸਾਨ ਜੁੜੇ ਹੋਏ ਹਨ। ਅਨਾਰਾਂ ਦੀ ਇਹ ਖੇਪ ਮੈਸਰਜ਼ ਅਮਾਮਾ ਐਕਸਪੋਰਟ ਐੱਲ.ਐੱਲ.ਪੀ. (M/s AMAMA Export LLP) ਵੱਲੋਂ ਬਾਹਰਲੇ ਮੁਲਕ ਭੇਜੀ ਗਈ ਹੈ। ਏਪੀਈਡੀਏ (APEDA) ਦਾ ਚੰਡੀਗੜ੍ਹ ਸਥਿਤ ਖੇਤਰੀ ਦਫ਼ਤਰ ਕਿਸਾਨਾਂ, ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨਾਂ (FPOs) ਅਤੇ ਨਿਰਯਾਤਕਾਂ ਵਿਚਕਾਰ ਆਪਸੀ ਤਾਲਮੇਲ ਵਧਾ ਕੇ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਤੋਂ ਖੇਤੀਬਾੜੀ ਅਤੇ ਬਾਗਬਾਨੀ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ।
ਏਪੀਈਡੀਏ ਦੇ ਚੇਅਰਮੈਨ ਅਭਿਸ਼ੇਕ ਦੇਵ (ਆਈ.ਏ.ਐੱਸ.) ਦੀ ਅਗਵਾਈ ਹੇਠ ਇਹ ਸੰਸਥਾ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਚੰਡੀਗੜ੍ਹ ਖੇਤਰੀ ਦਫ਼ਤਰ, ਜਿਸ ਦੀ ਅਗਵਾਈ ਖੇਤਰੀ ਮੁਖੀ ਹਰਪ੍ਰੀਤ ਸਿੰਘ ਕਰ ਰਹੇ ਹਨ, ਖੇਤਰ ਦੇ ਕਿਸਾਨਾਂ, ਐੱਫ.ਪੀ.ਓ. ਅਤੇ ਨਿਰਯਾਤਕਾਂ ਲਈ ਅੰਤਰਰਾਸ਼ਟਰੀ ਮੰਡੀਆਂ ਤੱਕ ਪਹੁੰਚ ਆਸਾਨ ਬਣਾ ਰਿਹਾ ਹੈ। ਕੁੱਲੂ ਦੇ ਅਨਾਰਾਂ ਦਾ ਸੰਯੁਕਤ ਅਰਬ ਅਮੀਰਾਤ (UAE) ਵਿੱਚ ਨਿਰਯਾਤ ਹੋਣਾ ਹਿਮਾਚਲ ਪ੍ਰਦੇਸ਼ ਦੇ ਬਾਗਬਾਨੀ ਉਤਪਾਦਾਂ ਲਈ ਵਿਦੇਸ਼ੀ ਬਾਜ਼ਾਰਾਂ ਵਿੱਚ ਇੱਕ ਨਵਾਂ ਮੀਲ ਪੱਥਰ ਹੈ। ਸਥਾਨਕ ਕਿਸਾਨਾਂ ਨੂੰ ਇਸ ਦਾ ਲੰਮੇ ਸਮੇਂ ਤੱਕ ਲਾਭ ਮਿਲਣਾ ਅੰਤਰਰਾਸ਼ਟਰੀ ਬਾਜ਼ਾਰ ਦੀਆਂ ਕੀਮਤਾਂ, ਮੰਗ ਅਤੇ ਲਗਾਤਾਰ ਮਿਲਣ ਵਾਲੇ ਆਰਡਰਾਂ ‘ਤੇ ਨਿਰਭਰ ਕਰੇਗਾ।
