ਚੰਡੀਗੜ੍ਹ: 6 ਨਵੰਬਰ, 2026 (ਗੁਰਮੀਤ ਸਿੰਘ ਤੁੰਗ): ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਕੇਂਦਰੀ ਏਜੰਸੀ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਤੱਕ ਪਹੁੰਚ ਕੀਤੀ ਹੈ। ਵਿਜੀਲੈਂਸ ਨੇ ਈਡੀ ਨੂੰ ਪੱਤਰ ਲਿਖ ਕੇ ਮਜੀਠੀਆ ਵਿਰੁੱਧ 736.96 ਕਰੋੜ ਰੁਪਏ ਦੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਕਰਨ ਦੀ ਮੰਗ ਕੀਤੀ ਹੈ।
ਇਹ ਮਾਮਲਾ ਦਿਲਚਸਪ ਸਿਆਸੀ ਸਮੀਕਰਨ ਵੀ ਪੈਦਾ ਕਰ ਰਿਹਾ ਹੈ ਕਿਉਂਕਿ ਦੋਵੇਂ ਜਾਂਚ ਏਜੰਸੀਆਂ ਵੱਖ-ਵੱਖ ਸਿਆਸੀ ਧਿਰਾਂ ਦੇ ਅਧੀਨ ਕੰਮ ਕਰਦੀਆਂ ਹਨ। ਪੰਜਾਬ ਵਿਚ ਵਿਜੀਲੈਂਸ ਬਿਊਰੋ ਸੂਬੇ ਦੀ ‘ਆਪ’ ਸਰਕਾਰ ਨੂੰ ਜਵਾਬਦੇਹ ਹੈ, ਜਦੋਂ ਕਿ ਈਡੀ ਕੇਂਦਰ ਦੀ ਭਾਜਪਾ ਸਰਕਾਰ ਦੇ ਅਧੀਨ ਆਉਂਦੀ ਹੈ।
ਆਪਣੀ ਜਾਂਚ ਰਿਪੋਰਟ ਈਡੀ ਨੂੰ ਸੌਂਪ ਕੇ, ਪੰਜਾਬ ਦੀ ‘ਆਪ’ ਸਰਕਾਰ ਨੇ ਅਸਲ ਵਿੱਚ ਕੇਂਦਰੀ ਏਜੰਸੀ ‘ਤੇ ਅਕਾਲੀ ਆਗੂ ਵਿਰੁੱਧ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਪਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਿਆਸੀ ਗਲਿਆਰਿਆਂ ਵਿੱਚ ਭਾਜਪਾ ਅਤੇ ਅਕਾਲੀ ਦਲ ਦੇ ਮੁੜ ਗਠਜੋੜ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਹਨ, ਅਜਿਹੇ ਵਿੱਚ ਇਹ ਕਦਮ ਅਹਿਮ ਮੰਨਿਆ ਜਾ ਰਿਹਾ ਹੈ।
ਵਿਜੀਲੈਂਸ ਦੇ ਇੱਕ ਬੁਲਾਰੇ ਅਨੁਸਾਰ, ਬਿਊਰੋ ਦੀ ਜਾਂਚ ਇੱਕ ਅਜਿਹੇ ਵੱਡੇ ਵਿੱਤੀ ਨੈੱਟਵਰਕ ਵੱਲ ਇਸ਼ਾਰਾ ਕਰਦੀ ਹੈ ਜਿਸ ਦੀ ਵਰਤੋਂ ਕਥਿਤ ਤੌਰ ’ਤੇ ਪਰਿਵਾਰਕ ਮੈਂਬਰਾਂ, ਕਰੀਬੀ ਸਾਥੀਆਂ, ਕਈ ਕੰਪਨੀਆਂ ਅਤੇ ਵਿਦੇਸ਼ੀ ਅਦਾਰਿਆਂ ਰਾਹੀਂ ਬੇਹਿਸਾਬੀ ਦੌਲਤ ਪੈਦਾ ਕਰਨ, ਉਸ ਨੂੰ ਇਧਰ-ਉਧਰ ਕਰਨ ਅਤੇ ਲੁਕਾਉਣ ਲਈ ਕੀਤੀ ਗਈ ਸੀ।
ਦੂਜੇ ਪਾਸੇ, ਬਿਕਰਮ ਸਿੰਘ ਮਜੀਠੀਆ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਅਦਾਲਤ ਵਿਚ ਟਿਕ ਨਹੀਂ ਸਕਣਗੇ।





