Home ਪੰਜਾਬ ਜਨਮ ਦਿਨ ਦੀਆਂ ਖੁਸ਼ੀਆਂ ਪਿੰਗਲਵਾੜਾ ਵਿਖੇ ਸਾਂਝੀਆਂ ਕਰ ਕੇ ਵਿਧਾਇਕ ਨਰਿੰਦਰ ਕੌਰ...

ਜਨਮ ਦਿਨ ਦੀਆਂ ਖੁਸ਼ੀਆਂ ਪਿੰਗਲਵਾੜਾ ਵਿਖੇ ਸਾਂਝੀਆਂ ਕਰ ਕੇ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ 51 ਹਜ਼ਾਰ ਦੀ ਮਾਲੀ ਸਹਾਇਤਾ ਭੇਟ

MLA Narinder Kaur Bharaj celebrates birthday at Pingalwara with ₹51,000 assistance.

0

ਸੰਗਰੂਰ, 19 ਅਗਸਤ, 2026 (ਕਾਜਲ) :  ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਜਨਮ ਦਿਨ ਦੀਆਂ ਖੁਸ਼ੀਆਂ ਪਿੰਗਲਵਾੜਾ ਸੰਗਰੂਰ ਵਿਖੇ ਰਹਿੰਦੇ ਸਾਥੀਆਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਉਨ੍ਹਾਂ ਪਿੰਗਲਵਾੜਾ ਵਿਖੇ ਰਹਿੰਦੇ ਸਾਥੀਆਂ ਨਾਲ ਕੇਕ ਕੱਟਿਆ ਅਤੇ ਉਨ੍ਹਾਂ ਨਾਲ ਆਪਣੇਪਣ ਤੇ ਸਨੇਹ ਦੇ ਕੁਝ ਪਲ ਬਿਤਾਏ। ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਗਲਵਾੜਾ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਆਪਣੀ ਤਨਖਾਹ ਵਿੱਚੋਂ 51,000 ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ। ਇਸ ਦੇ ਨਾਲ ਹੀ ਪਿੰਗਲਵਾੜਾ ਦੇ ਸਾਥੀਆਂ ਲਈ ਲੋੜੀਂਦੀ ਰਾਸ਼ਨ ਸਮੱਗਰੀ ਵੀ ਮੁਹੱਈਆ ਕਰਵਾਈ ਗਈ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਨ੍ਹਾਂ ਲਈ ਜਨਮ ਦਿਨ ਦੀ ਅਸਲ ਖੁਸ਼ੀ ਆਪਣੇ ਪਰਿਵਾਰ ਅਤੇ ਦੋਸਤਾਂ ਤਕ ਸੀਮਤ ਰਹਿਣ ਦੀ ਬਜਾਏ ਉਨ੍ਹਾਂ ਲੋਕਾਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਵਿੱਚ ਹੈ, ਜਿਨ੍ਹਾਂ ਨੂੰ ਪਿਆਰ, ਸਨੇਹ ਅਤੇ ਆਪਣੇਪਣ ਦੀ ਸਭ ਤੋਂ ਵੱਧ ਲੋੜ ਹੈ।

ਉਨ੍ਹਾਂ ਕਿਹਾ ਕਿ ਪਿੰਗਲਵਾੜਾ ਵਿਖੇ ਰਹਿੰਦੇ ਸਾਥੀਆਂ ਨਾਲ ਹਰ ਸਾਲ ਜਨਮ ਦਿਨ ਮਨਾਉਣਾ ਉਨ੍ਹਾਂ ਲਈ ਸਿਰਫ਼ ਇੱਕ ਰਸਮ ਨਹੀਂ, ਸਗੋਂ ਮਨੁੱਖਤਾ ਅਤੇ ਸਾਂਝੀਵਾਲਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਇੱਕ ਛੋਟਾ ਜਿਹਾ ਯਤਨ ਹੈ। ਉਨ੍ਹਾਂ ਕਿਹਾ, “ਮੇਰੇ ਲਈ ਜਨਮ ਦਿਨ ਦੀ ਅਸਲ ਖੁਸ਼ੀ ਹਮੇਸ਼ਾ ਇਨ੍ਹਾਂ ਸਾਥੀਆਂ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਵਿੱਚ ਹੀ ਰਹੀ ਹੈ। ਇਨ੍ਹਾਂ ਦੇ ਚਿਹਰਿਆਂ ’ਤੇ ਆਉਣ ਵਾਲੀ ਮੁਸਕਰਾਹਟ ਮਨ ਨੂੰ ਜੋ ਸਕੂਨ ਦਿੰਦੀ ਹੈ, ਉਹ ਮੇਰੇ ਲਈ ਕਿਸੇ ਵੀ ਤੋਹਫ਼ੇ ਤੋਂ ਕਿਤੇ ਵੱਧ ਕੀਮਤੀ ਹੈ। ਜਦੋਂ ਸਾਡੀਆਂ ਖੁਸ਼ੀਆਂ ਕਿਸੇ ਲੋੜਵੰਦ ਜਾਂ ਬੇਸਹਾਰਾ ਵਿਅਕਤੀ ਦੇ ਚਿਹਰੇ ’ਤੇ ਮੁਸਕਰਾਹਟ ਲਿਆਉਣ ਦਾ ਕਾਰਨ ਬਣਦੀਆਂ ਹਨ ਤਾਂ ਉਸ ਤੋਂ ਵੱਡੀ ਖੁਸ਼ੀ ਹੋਰ ਕੋਈ ਨਹੀਂ ਹੋ ਸਕਦੀ।” ਵਿਧਾਇਕ ਭਰਾਜ ਨੇ ਕਿਹਾ ਕਿ ਪਿੰਗਲਵਾੜਾ ਸੰਸਥਾ ਵੱਲੋਂ ਲੰਮੇ ਸਮੇਂ ਤੋਂ ਬੇਸਹਾਰਾ, ਲੋੜਵੰਦ ਅਤੇ ਸਮਾਜ ਦੇ ਹਾਸ਼ੀਏ ’ਤੇ ਰਹਿੰਦੇ ਲੋਕਾਂ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜ ਮਨੁੱਖਤਾ ਲਈ ਇੱਕ ਵੱਡੀ ਮਿਸਾਲ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਅਤੇ ਸੇਵਾ ਕਾਰਜਾਂ ਨੂੰ ਸਮਾਜ ਦੇ ਹਰ ਵਰਗ ਵੱਲੋਂ ਆਪਣੀ ਸਮਰੱਥਾ ਅਨੁਸਾਰ ਸਹਿਯੋਗ ਦੇਣਾ ਚਾਹੀਦਾ ਹੈ।

ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਪਰਿਵਾਰਕ ਸਮਾਗਮਾਂ, ਜਨਮ ਦਿਨਾਂ ਅਤੇ ਹੋਰ ਖੁਸ਼ੀ ਦੇ ਮੌਕਿਆਂ ਨੂੰ ਲੋੜਵੰਦਾਂ ਨਾਲ ਸਾਂਝਾ ਕਰਕੇ ਮਨਾਉਣ ਦੀ ਪਰੰਪਰਾ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮਾਜ ਦੀ ਅਸਲ ਤਰੱਕੀ ਉਸ ਸਮੇਂ ਹੁੰਦੀ ਹੈ ਜਦੋਂ ਅਸੀਂ ਆਪਣੀਆਂ ਖੁਸ਼ੀਆਂ ਦੇ ਨਾਲ-ਨਾਲ ਦੂਜਿਆਂ ਦੇ ਦੁੱਖ-ਸੁੱਖ ਨੂੰ ਵੀ ਆਪਣਾ ਸਮਝਦੇ ਹਾਂ। ਉਨ੍ਹਾਂ ਅੰਤ ਵਿੱਚ ਅਰਦਾਸ ਕੀਤੀ ਕਿ ਵਾਹਿਗੁਰੂ ਹਮੇਸ਼ਾ ਮਨੁੱਖਤਾ ਦੀ ਸੇਵਾ ਕਰਨ, ਲੋੜਵੰਦਾਂ ਦੀ ਮਦਦ ਕਰਨ ਅਤੇ ਲੋਕਾਂ ਦੇ ਦੁੱਖ-ਸੁੱਖ ਵਿੱਚ ਸਾਥ ਨਿਭਾਉਣ ਦਾ ਬਲ ਬਖ਼ਸ਼ਦੇ ਰਹਿਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਸਮਾਜ ਦੇ ਲੋੜਵੰਦ ਵਰਗਾਂ ਦੀ ਭਲਾਈ ਲਈ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਲਖਵਿੰਦਰ ਸਿੰਘ, ਪੰਕਜ ਗਰਗ, ਸੁਖਵਿੰਦਰ ਮਾਨ, ਅਮਰਦੀਪ ਸਿੰਘ, ਵਿਕਰਮ ਨਕਟੇ, ਵਿਕੀ ਐੱਮ.ਸੀ., ਜਗਜੀਤ ਐੱਮ.ਸੀ., ਬਿੰਦਰ ਖਹਿਰਾ, ਸੁਖਮਨ ਸਿੰਘ, ਅਮਨ ਗਰਗ, ਚਮਕੌਰ ਖੇੜੀ ਚੰਦਵਾ, ਤੇਜਵਿੰਦਰ ਸਿੰਘ, ਜਸਪ੍ਰੀਤ ਘਾਬਦਾਂ, ਮਨਿੰਦਰ ਸਿੰਘ, ਕੁਲਵਿੰਦਰ ਸਿੰਘ ਹਾਜ਼ਰ ਸਨ।

Exit mobile version