ਪਟਿਆਲਾ, 2 ਸਤੰਬਰ, 2026 (ਦੀਪਕ ਦੱਤਾ) : ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ, ਪਟਿਆਲਾ ਦੇ ਮੁੱਖ ਦਫ਼ਤਰ ਵਿਖੇ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ, ਪੀਆਰਟੀਸੀ ਚੇਅਰਮੈਨ ਹਰਪਾਲ ਜੁਨੇਜਾ ਅਤੇ ਐਮ.ਡੀ. ਮਨੀਸ਼ਾ ਰਾਣਾ ਨੇ ਪੀ.ਆਰ.ਟੀ.ਸੀ. ਪਟਿਆਲਾ ਡਿਪੂ ਦੇ ਮ੍ਰਿਤਕ ਕੰਡਕਟਰ ਸਤਪਾਲ ਸਿੰਘ ਦੇ ਪਰਿਵਾਰ ਨਾਲ ਆਪਣਾ ਦੁਖ ਸਾਂਝਾ ਕਰਦੇ ਹੋਏ ਉਸ ਦੇ ਵਾਰਸਾਂ ਨੂੰ 65.50 ਲੱਖ ਰੁਪਏ ਦਾ ਚੈੱਕ ਸੌਂਪਿਆ ਹੈ। ਇਸ ਮੌਕੇ ਸ. ਬਲਤੇਜ ਸਿੰਘ ਪੰਨੂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਤੇ ਇਸਦੇ ਅਦਾਰੇ ਡਿਊਟੀ ਦੌਰਾਨ ਹੁੰਦੇ ਹਾਦਸਿਆਂ ਦੇ ਮੱਦੇਨਜ਼ਰ ਆਪਣੇ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰ ਦੀ ਭਲਾਈ ਅਤੇ ਵਿੱਤੀ ਸੰਕਟਾਂ ਨੂੰ ਨਜਿੱਠਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਇਸੇ ਤਹਿਤ ਪੀ.ਆਰ.ਟੀ.ਸੀ ਵੱਲੋਂ ਇਹ ਕਦਮ ਚੁੱਕਦਿਆਂ ਆਪਣੇ ਮੁਲਾਜਮਾਂ ਦੇ ਪਰਿਵਾਰਾਂ ਦਾ ਦੁੱਖ ਸਮਝਦਿਆਂ ਹੋਇਆ ਕੰਡਕਟਰ ਦੇ ਵਾਰਸਾਂ ਨੂੰ 65.50 ਲੱਖ ਰੁਪਏ ਦੀ ਮਾਲੀ ਮਦਦ ਕੀਤੀ ਗਈ ਹੈ ਅਤੇ ਪੀ.ਆਰ.ਟੀ.ਸੀ ਦੇ ਸਾਰੇ ਮੁਲਾਜ਼ਮ ਇਸ ਸਕੀਮ ਅਧੀਨ ਕਵਰ ਹੁੰਦੇ ਹਨ। ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀ.ਆਰ.ਟੀ.ਸੀ. ਵੱਲੋਂ ਆਪਣੇ ਮੁਲਾਜਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਬਿਹਤਰੀ ਲਈ ਕਿਸੇ ਦੁਰਘਟਨਾ ਵਿੱਚ ਮੌਤ ਹੋਣ ਕਾਰਨ ਵਾਰਸਾਂ ਦੀ ਵਿੱਤੀ ਮਦਦ ਕਰਨ ਸਬੰਧੀ ਅਹਿਮ ਕਦਮ ਚੁੱਕੇ ਜਾ ਰਹੇ ਹਨ। ਐਡਵੋਕੇਟ ਹਰਪਾਲ ਜੁਨੇਜਾ ਨੇ ਅੱਗੇ ਦੱਸਿਆ ਕਿ ਪੀ.ਆਰ.ਟੀ.ਸੀ. ਪਟਿਆਲਾ ਡਿਪੂ ਵਿੱਚ ਕੰਮ ਕਰਦੇ ਸਤਪਾਲ ਸਿੰਘ ਕੰਡਕਟਰ ਦੀ ਸਾਲ 2025 ਦੌਰਾਨ ਇੱਕ ਸੜ੍ਹਕ ਹਾਦਸੇ ਵਿੱਚ ਮੌਤ ਹੋ ਗਈ ਸੀ, ਕਿਉਂਕਿ ਪੀ.ਆਰ.ਟੀ.ਸੀ. ਦੇ ਮੁਲਾਜਮ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ, ਇਸ ਲਈ ਭਵਿੱਖ ਵਿੱਚ ਕੰਡਕਟਰ ਦੇ ਪਰਿਵਾਰ ਨੂੰ ਕਿਸੇ ਕਿਸਮ ਦੀ ਲੋੜ ਪੈਣ ਤੇ ਉਹ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸਤਪਾਲ ਸਿੰਘ ਦੇ ਪਰਿਵਾਰ ਨੂੰ ਪੀ.ਆਰ.ਟੀ.ਸੀ. ਅਤੇ ਪੰਜਾਬ ਐਂਡ ਸਿੰਧ ਬੈਂਕ ਵਿਚਾਕਾਰ ਹੋਏ ਸਮਝੋਤੇ ਤਹਿਤ ਕਾਰਪੋਰੇਟ ਬੀਮਾਂ ਸ਼ਰਤਾਂ ਅਨੁਸਾਰ 65.50 ਲੱਖ ਰੁਪਏ ਦਾ ਮੁਆਵਜਾ ਦਿੱਤਾ ਗਿਆ ਹੈ ਜਿਸ ਦਾ ਮੰਤਵ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਐਮ.ਡੀ. ਪੀਆਰਟੀਸੀ ਮਨੀਸ਼ਾ ਰਾਣਾ ਨੇ ਦੱਸਿਆ ਕਿ ਮ੍ਰਿਤਕ ਕੰਡਕਟਰ ਦੇ ਵਾਰਸਾਂ ਨੂੰ 40 ਲੱਖ ਰੁਪਏ ਬੀਮਾ ਰਾਸ਼ੀ ਅਤੇ ਬੱਚਿਆਂ ਦੀ ਪੜ੍ਹਾਈ ਲਈ 18 ਲੱਖ ਰੁਪਏ ਦੀ ਵਿੱਤੀ ਸਹਾਇਤਾ ਤੋਂ ਇਲਾਵਾ ਵਾਰਸਾਂ ਨੂੰ ਹਰ ਮਹੀਨੇ ਈ.ਐਸ.ਆਈ./ਈ.ਪੀ.ਐਫ. ਤੋਂ ਪੈਨਸ਼ਨ ਦੀ ਵੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੀ.ਆਰ.ਟੀ.ਸੀ. ਹਰ ਸੁੱਖ-ਦੁੱਖ ਵੇਲੇ ਆਪਣੇ ਮੁਲਾਜਮਾਂ ਨਾਲ ਖੜੀ ਹੈ। ਇਸ ਮੌਕੇ ਪੀ.ਆਰ.ਟੀ.ਸੀ. ਦੇ ਏਐਮਡੀ ਨਵਦੀਪ ਕੁਮਾਰ, ਜੀਐਮ ਪਟਿਆਲਾ ਡਿਪੂ ਜਤਿੰਦਰਪਾਲ ਸਿੰਘ ਗਰੇਵਾਲ, ਡੀਸੀਐਫਏ ਰਾਜੇਸ਼ ਕੁਮਾਰ, ਜੀ.ਐਮ. ਮਨਿੰਦਰਪਾਲ ਸਿੰਘ ਸਿੱਧੂ ਅਤੇ ਅਮਨਵੀਰ ਸਿੰਘ ਟਿਵਾਣਾ ਤੋਂ ਇਲਾਵਾ ਪੰਜਾਬ ਐਂਡ ਸਿੰਧ ਬੈਂਕ ਦੇ ਸੀਨੀਅਰ ਅਧਿਕਾਰੀ ਊਪਾਸਨਾ ਧਾਰ (ਆਰਐਮ), ਸੁਖਵਿੰਦਰਜੀਤ ਸਿੰਘ (ਡੀਆਰਐਮ) ਅਤੇ ਇਸ ਤੋਂ ਇਲਾਵਾ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦੇ ਅਤੇ ਪੀ.ਆਰ.ਟੀ.ਸੀ. ਦੇ ਕਰਮਚਾਰੀ ਸ਼ਾਮਲ ਹੋਏ।
ਬਲਤੇਜ ਸਿੰਘ ਪੰਨੂ, ਚੇਅਰਮੈਨ ਜੁਨੇਜਾ ਤੇ ਐਮ ਡੀ ਰਾਣਾ ਨੇ ਪੀ.ਆਰ.ਟੀ.ਸੀ ਦੇ ਮ੍ਰਿਤਕ ਕੰਡਕਟਰ ਦੇ ਵਾਰਸਾਂ ਨਾਲ ਦੁੱਖ ਸਾਂਝਾ ਕਰਦਿਆਂ 65.50 ਲੱਖ ਰੁਪਏ ਦਾ ਚੈਂਕ ਸੌਂਪਿਆ
Baltej Singh Pannu, Chairman Juneja and MD Rana expressed condolences while handing over financial assistance to the deceased conductor’s family.
