Home ਪੰਜਾਬ ਧੂਰੀ ਦੇ ਖਿਡਾਰੀਆਂ ਲਈ ਵੱਡੀ ਸੌਗਾਤ, ਓ.ਐਸ.ਡੀ. ਸੁਖਵੀਰ ਸਿੰਘ ਨੇ 27.63 ਲੱਖ...

ਧੂਰੀ ਦੇ ਖਿਡਾਰੀਆਂ ਲਈ ਵੱਡੀ ਸੌਗਾਤ, ਓ.ਐਸ.ਡੀ. ਸੁਖਵੀਰ ਸਿੰਘ ਨੇ 27.63 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਇਨਡੋਰ ਸਪੋਰਟਸ ਹਾਲ ਦਾ ਕੀਤਾ ਉਦਘਾਟਨ

OSD Sukhvir Singh inaugurates a ₹27.63 lakh indoor sports hall in Dhuri to boost facilities for local athletes.

0
ਬੈਡਮਿੰਟਨ ਕੋਰਟਾਂ ਨਾਲ ਖਿਡਾਰੀਆਂ, ਨੌਜਵਾਨਾਂ, ਮਹਿਲਾਵਾਂ ਤੇ ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗੀ ਬਿਹਤਰ ਖੇਡ ਸਹੂਲਤ*
ਧੂਰੀ, 5 ਅਕਤੂਬਰ, 2026 (ਕਾਜਲ ) :  ਧੂਰੀ ਸ਼ਹਿਰ ਵਿੱਚ ਖੇਡ ਸਹੂਲਤਾਂ ਦੇ ਵਿਸਥਾਰ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਸਬਜ਼ੀ ਮੰਡੀ ਧੂਰੀ ਵਿਖੇ ਐੱਮ.ਸੀ. ਪਾਰਕ ਨਾਲ ਲੱਗਦੇ ਇਨਡੋਰ ਸਪੋਰਟਸ ਹਾਲ ਦਾ 27.63 ਲੱਖ ਰੁਪਏ ਦੀ ਲਾਗਤ ਨਾਲ ਅਪਗ੍ਰੇਡੇਸ਼ਨ ਕਰਕੇ ਬੈਡਮਿੰਟਨ ਕੋਰਟ ਤਿਆਰ ਕੀਤੇ ਗਏ ਹਨ। ਇਨ੍ਹਾਂ ਦਾ ਉਦਘਾਟਨ ਅੱਜ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਸੁਖਵੀਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਓ.ਐਸ.ਡੀ. ਸੁਖਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖਿਡਾਰੀਆਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਧੂਰੀ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਲੋੜੀਂਦਾ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾ ਰਿਹਾ ਹੈ, ਤਾਂ ਜੋ ਸਥਾਨਕ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਵਧੀਆ ਮਾਹੌਲ ਮਿਲ ਸਕੇ।
ਉਨ੍ਹਾਂ ਕਿਹਾ ਕਿ ਨਵੇਂ ਤਿਆਰ ਕੀਤੇ ਬੈਡਮਿੰਟਨ ਕੋਰਟਾਂ ਦਾ ਲਾਭ ਧੂਰੀ ਦੇ ਖਿਡਾਰੀਆਂ, ਬੱਚਿਆਂ ਅਤੇ ਹੋਰ ਖੇਡ ਪ੍ਰੇਮੀਆਂ ਨੂੰ ਮਿਲੇਗਾ। ਚੈਂਪੀਅਨਸ਼ਿਪਾਂ ਦੀ ਤਿਆਰੀ ਕਰ ਰਹੇ ਬੱਚਿਆਂ ਲਈ ਸਵੇਰ ਅਤੇ ਸ਼ਾਮ ਦੇ ਸਮੇਂ ਕੋਚਿੰਗ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਖਿਡਾਰੀਆਂ ਅਤੇ ਸਬੰਧਤ ਐਸੋਸੀਏਸ਼ਨ ਦੇ ਮੈਂਬਰਾਂ ਲਈ ਆਈ.ਡੀ. ਤਿਆਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੀਨੀਅਰ ਸਿਟੀਜ਼ਨਾਂ ਲਈ ਵੀ ਵਿਸ਼ੇਸ਼ ਸਮਾਂ ਨਿਰਧਾਰਤ ਕੀਤਾ ਜਾਵੇਗਾ, ਜਦਕਿ ਮਹਿਲਾਵਾਂ ਲਈ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਵਿਸ਼ੇਸ਼ ਸਮਾਂ ਰੱਖਿਆ ਜਾਵੇਗਾ। ਇਸ ਸਬੰਧੀ ਵਿਸਥਾਰਤ ਸਮਾਂ-ਸਾਰਣੀ ਜਲਦ ਤਿਆਰ ਕਰਕੇ ਜਾਰੀ ਕੀਤੀ ਜਾਵੇਗੀ।
ਨਗਰ ਕੌਂਸਲ ਧੂਰੀ ਦੀ ਪ੍ਰਧਾਨ ਸ੍ਰੀਮਤੀ ਅਮਰਜੋਤ ਕੌਰ ਬਾਜਵਾ ਨੇ ਕਿਹਾ ਕਿ ਬੈਡਮਿੰਟਨ ਕੋਰਟਾਂ ਦੀ ਵਰਤੋਂ ਲਈ ਜਲਦ ਹੀ ਸਮਾਂ-ਸਾਰਣੀ ਤਿਆਰ ਕੀਤੀ ਜਾਵੇਗੀ, ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਇਸ ਖੇਡ ਸਹੂਲਤ ਦਾ ਸੁਚੱਜੇ ਢੰਗ ਨਾਲ ਲਾਭ ਮਿਲ ਸਕੇ। ਓ.ਐਸ.ਡੀ. ਸੁਖਵੀਰ ਸਿੰਘ ਨੇ ਕਿਹਾ ਕਿ ਧੂਰੀ ਵਿੱਚ ਖੇਡ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧੂਰੀ ਨੂੰ ਵਿਕਾਸ ਪੱਖੋਂ ਹੋਰ ਮਜ਼ਬੂਤ ਬਣਾਉਣ ਲਈ ਲੋੜ ਅਨੁਸਾਰ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁਲੀ, ਮੈਂਬਰ ਵਕਫ ਬੋਰਡ ਡਾ. ਅਨਵਰ ਭਸੌੜ, ਮੈਂਬਰ ਫੂਡ ਕਮਿਸ਼ਨ ਜਸਵੀਰ ਸਿੰਘ ਸੇਖੋਂ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਰਛਪਾਲ ਸਿੰਘ ਭੁੱਲਰ, ਰੂਬਲ ਬਾਜਵਾ, ਨਰੇਸ਼ ਸਿੰਗਲਾ ਸਮੇਤ ਵੱਡੀ ਗਿਣਤੀ ਨਗਰ ਕੌਂਸਲ ਧੂਰੀ ਦੇ ਮੈਂਬਰ ਵੀ ਮੌਜੂਦ ਸਨ।

Exit mobile version