ਕੈਨੇਡਾ : ਜਸਟਿਨ ਟਰੂਡੋ ਦਾ ਹੁਣ ਕੈਨੇਡਾ ਵਿਚ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਵੇਂ ਸਾਲ ਦੀ ਸ਼ੁਰੂਆਤ ‘ਚ ਸੱਤਾ ਗੁਆ ਸਕਦੇ ਹਨ। ਰਾਇਟਰਜ਼ ਮੁਤਾਬਕ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਆਗੂ ਜਗਮੀਤ ਸਿੰਘ ਨੇ ਪੀਐਮ ਟਰੂਡੋ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦਾ ਫ਼ੈਸਲਾ ਕੀਤਾ ਹੈ।
ਜਗਮੀਤ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅਗਲੇ ਮਹੀਨੇ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਡੇਗਣ ਲਈ ਕਦਮ ਚੁੱਕਣਗੇ ਤਾਂ ਜੋ ਦੇਸ਼ ਵਿੱਚ ਨਵੀਆਂ ਚੋਣਾਂ ਕਰਵਾਈਆਂ ਜਾ ਸਕਣ। ਇਹ ਮੀਟਿੰਗ 27 ਜਨਵਰੀ ਤੋਂ ਬਾਅਦ ਹੋ ਸਕਦੀ ਹੈ। ਜਗਮੀਤ ਸਿੰਘ ਦੀ ਐਨਡੀਪੀ ਅਤੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਇਸ ਸਾਲ ਸਤੰਬਰ ਵਿੱਚ ਸਮਝੌਤਾ ਤੋੜ ਦਿੱਤਾ ਸੀ। ਉਦੋਂ ਜਗਮੀਤ ਸਿੰਘ ਨੇ ਕਿਹਾ ਸੀ ਕਿ ਲਿਬਰਲ ਪਾਰਟੀ ਕਾਰੋਬਾਰੀਆਂ ਅੱਗੇ ਝੁਕ ਗਈ ਹੈ। ਉਹ ਬਦਲਾਅ ਲਿਆਉਣ ਦੇ ਸਮਰੱਥ ਨਹੀਂ ਹਨ, ਇਸ ਲਈ ਉਹ ਗਠਜੋੜ ਤੋਂ ਪਿੱਛੇ ਹਟ ਰਹੇ ਹਨ।
ਹਾਲਾਂਕਿ, ਗਠਜੋੜ ਤੋਂ ਹਟਣ ਤੋਂ ਬਾਅਦ ਵੀ, ਜਗਮੀਤ ਪਿਛਲੇ 4 ਮਹੀਨਿਆਂ ਤੋਂ ਟਰੂਡੋ ਦੀ ਸਰਕਾਰ ਨੂੰ ਅਹੁਦੇ ‘ਤੇ ਰੱਖਣ ਵਿਚ ਮਦਦ ਕਰ ਰਿਹਾ ਸੀ। ਹੁਣ ਜੇਕਰ ਵਿਰੋਧੀ ਪਾਰਟੀਆਂ ਐਨਡੀਪੀ ਦੇ ਪ੍ਰਸਤਾਵ ਦਾ ਸਮਰਥਨ ਕਰਦੀਆਂ ਹਨ ਤਾਂ ਟਰੂਡੋ ਦੀ ਸਰਕਾਰ ਡਿੱਗਣਾ ਤੈਅ ਹੈ। ਟਰੂਡੋ 9 ਸਾਲਾਂ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਹਨ।