ਅੰਬਾਲਾ: ਹਰਿਆਣਾ ਦੇ ਅੰਬਾਲਾ ਜ਼ਿਲ੍ਹੇ (Ambala District) ਦੇ ਮੁਲਾਣਾ ਇਲਾਕੇ ਦੀ ਸਿਮਰਪ੍ਰੀਤ ਕੌਰ (Simarpreet Kaur) ਨੇ ਦੱਖਣੀ ਅਫਰੀਕਾ ਦੇ ਡਰਬਨ ਵਿੱਚ ਹੋਈ 11ਵੀਂ ਕਾਮਨਵੈਲਥ ਕਰਾਟੇ ਚੈਂਪੀਅਨਸ਼ਿਪ ਵਿੱਚ ਕਰਾਟੇ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੁਕਾਬਲੇ ਵਿੱਚ 19 ਦੇਸ਼ਾਂ ਦੇ ਸੈਂਕੜੇ ਖਿਡਾਰੀਆਂ ਨੇ ਭਾਗ ਲਿਆ।
ਸਿਮਰਪ੍ਰੀਤ ਨੇ ਅੰਡਰ-50 ਕਿਲੋ ਵਰਗ ਕਰਾਟੇ ਵਿੱਚ ਭਾਗ ਲੈਂਦਿਆਂ ਆਪਣੇ ਵਿਰੋਧੀਆਂ ਨੂੰ ਹਰਾ ਕੇ ਕਾਂਸੀ ਦੇ ਤਗ਼ਮੇ ’ਤੇ ਕਬਜ਼ਾ ਕੀਤਾ। ਉਨ੍ਹਾਂ ਦੀ ਇਸ ਪ੍ਰਾਪਤੀ ਨੇ ਨਾ ਸਿਰਫ਼ ਹਰਿਆਣਾ ਬਲਕਿ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਸਿਮਰਪ੍ਰੀਤ ਦੀ ਕਾਮਯਾਬੀ ‘ਤੇ ਉਸ ਦੇ ਪਿੰਡ ਗੋਲੀ ਦੀ ਗੁਰਦੁਆਰਾ ਸਭਾ ਨੇ ਉਸ ਦੇ ਸ਼ਾਨਦਾਰ ਸਵਾਗਤ ਲਈ ਤਿਆਰੀਆਂ ਕੀਤੀਆਂ। ਇਹ ਪ੍ਰਦਰਸ਼ਨ ਸਾਬਤ ਕਰਦਾ ਹੈ ਕਿ ਪੇਂਡੂ ਖੇਤਰ ਦੀਆਂ ਧੀਆਂ ਵੀ ਖੇਡਾਂ ਵਿੱਚ ਵਿਸ਼ਵ ਪੱਧਰ ’ਤੇ ਪ੍ਰਦਰਸ਼ਨ ਕਰ ਸਕਦੀਆਂ ਹਨ।
ਸਿਮਰਪ੍ਰੀਤ ਨੇ ਆਪਣੀ ਮੁੱਢਲੀ ਸਿੱਖਿਆ ਐਮ.ਐਮ. ਇੰਟਰਨੈਸ਼ਨਲ ਸਕੂਲ ਅੰਬਾਲਾ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਉਸਨੇ ਮੁਲਾਣਾ ਸਥਿਤ ਯੂਨਾਈਟਿਡ ਮਾਰਸ਼ਲ ਆਰਟਸ ਅਕੈਡਮੀ ਵਿੱਚ ਕਰਾਟੇ ਦੀ ਸਿਖਲਾਈ ਲਈ। ਉਸਨੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਬੀ.ਏ. ਅਤੇ ਫਿਰ ਲੀਜੈਂਟ ਕਰਾਟੇ ਕਲੱਬ ਪੁੰਡਰੀ ਵਿੱਚ ਦਾਖਲਾ ਲਿਆ ਅਤੇ ਇੱਥੇ ਰਹਿੰਦਿਆਂ ਉਸਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕਈ ਮੈਡਲ ਜਿੱਤੇ।
ਸਿਮਰਪ੍ਰੀਤ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਕੋਚ ਵਿਕਾਸ ਬਲਵਾਲ ਅਤੇ ਆਪਣੇ ਪਰਿਵਾਰ ਨੂੰ ਦਿੱਤਾ ਹੈ। ਸਿਮਰਪ੍ਰੀਤ ਨੇ ਦੱਸਿਆ ਕਿ ਕੋਚ ਵਿਕਾਸ ਬਲਵਾਲ ਨੇ ਉਸ ਨੂੰ ਕਰਾਟੇ ਵਿੱਚ ਸਹੀ ਸੇਧ ਤੇ ਮਾਰਗਦਰਸ਼ਨ ਦਿੱਤਾ। ਵਿਕਾਸ ਬਲਵਾਲ ਨੇ ਵੀ 50 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।