ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਨਲੈਂਡ ਦੌਰੇ ਤੋਂ ਪਰਤੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਅਧਿਆਪਕਾਂ ਤੋਂ ਫਿਨਲੈਂਡ ਦੇ ਤਜ਼ਰਬੇ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਸਨ। ਅਧਿਆਪਕਾਂ ਨੇ ਦੱਸਿਆ ਕਿ ਅਸੀਂ ਮੁੱਖ ਤੌਰ ‘ਤੇ ਫਿਨਲੈਂਡ ‘ਚ ਸਿੱਖਿਆ ਕਿ ਅਸੀਂ ਬੱਚਿਆਂ ਨੂੰ ਜ਼ਿਆਦਾ ਸਮੇਂ ਤੱਕ ਸਕੂਲ ‘ਚ ਕਿਵੇਂ ਰੱਖ ਸਕਦੇ ਹਾਂ, ਤਾਂ ਜੋ ਉਨ੍ਹਾਂ ਦੀ ਸਕੂਲ ਪ੍ਰਤੀ ਰੁਚੀ ਪੈਦਾ ਹੋਵੇ।
ਜਦੋਂ ਬੱਚੇ ਸਕੂਲ ਵਿਚ ਦਿਲਚਸਪੀ ਲੈਣਗੇ ਤਾਂ ਹੀ ਉਹ ਪੜ੍ਹ ਸਕਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਫਿਨਲੈਂਡ ਗਏ ਅਧਿਆਪਕ ਆਪਣੇ ਘਰ ਦੀਵਾਲੀ ਨਹੀਂ ਮਨਾ ਸਕੇ ਪਰ ਇਸ ਵਾਰ ਦੀਵਾਲੀ ਉਨ੍ਹਾਂ ਨੂੰ ਉਮਰ ਭਰ ਯਾਦ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਜਲਦੀ ਹੀ ਦੂਜੇ ਬੈਚ ਨੂੰ ਸਿਖਲਾਈ ਲਈ ਫਿਨਲੈਂਡ ਭੇਜਾਂਗੇ। ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਕਦਮ ਇਤਿਹਾਸਕ ਹੈ ਅਤੇ ਭਵਿੱਖ ਵਿੱਚ ਅਧਿਆਪਕ ਅਤੇ ਬੱਚੇ ਇਸ ਮੁਹਿੰਮ ਨੂੰ ਯਾਦ ਰੱਖਣਗੇ।