ਪਟਿਆਲਾ, 8 ਦਸੰਬਰ:
ਸੂਬੇ ਦੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ, ਅਜਿਹੇ ਹੀ ਇੱਕ ਕਦਮ ਤਹਿਤ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦੇ ਕਮਿਊਨਿਟੀ ਹੈਲਥ ਸੈਂਟਰ, ਤ੍ਰਿਪੜੀ ਵਿਖੇ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ।
ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਤੋਂ ਬਾਅਦ ਡਾ. ਬਲਬੀਰ ਸਿੰਘ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਬੱਚੇ ਤੰਦਰੁਸਤ ਹੋਣ ਨਾਲ ਹੀ ਰੰਗਲਾ ਪੰਜਾਬ ਬਣੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੋਲੀਓ ਦੀ ਇਸ ਭਿਆਨਕ ਬਿਮਾਰੀ ਤੋਂ ਬਚਣ ਲਈ ਇਸ ਸਾਲ ਦੇ ਸਬ ਨੈਸ਼ਨਲ ਇਮੁਨਾਈਜੇਸ਼ਨ ਦਿਵਸ ਪਲਸ ਪੋਲੀਓ ਪ੍ਰੋਗਰਾਮ ਅਧੀਨ ‘ਦੋ ਬੂੰਦਾਂ ਜਿੰਦਗੀ ਦੀਆਂ’ ਹਰੇਕ ਬੱਚੇ ਤੱਕ ਲਾਜਮੀ ਪਹੁੰਚਣੀਆਂ ਚਾਹੀਦੀਆਂ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਹਾਲਾਂਕਿ “ਸਾਡਾ ਦੇਸ਼ ਪਹਿਲਾਂ ਹੀ ਪੋਲੀਓ ਮੁਕਤ ਹੈ, ਤੇ 2010 ਤੋਂ ਬਾਅਦ ਪੰਜਾਬ ਵਿੱਚ ਵੀ ਕੋਈ ਕੇਸ ਨਹੀਂ ਅਇਆ, ਪਰੰਤੂ ਇਸ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੋਲੀਓ ਰੋਕੂ ਮੁਹਿੰਮ ਬਹੁਤ ਲਾਜ਼ਮੀ ਹੈ ਕਿਉਂਕਿ ਅਜੇ ਵੀ ਪੋਲੀਓ ਦੀ ਮਹਾਂਮਾਰੀ ਅਧੀਨ ਸਾਡੇ ਗੁਆਂਢੀ ਦੇਸ਼, ਪਾਕਿਸਤਾਨ ਤੇ ਅਫਗਾਨਿਸਤਾਨ ਆਦਿ ਤੋਂ ਪੋਲੀਓ ਵਾਇਰਸ ਦੇ ਇੱਧਰ ਆਉਣ ਦਾ ਖ਼ਤਰਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਇਹ ਉਪ ਰਾਸ਼ਟਰੀ ਟੀਕਾਕਰਨ ਦਿਵਸ (ਐਸ.ਐਨ.ਆਈ.ਡੀ.) ਪਲਸ ਪੋਲੀਓ ਰਾਊਂਡ 8 ਦਸੰਬਰ 2024 ਤੋਂ 10 ਦਸੰਬਰ 2024 ਤੱਕ 12 ਜ਼ਿਲ੍ਹਿਆਂ (ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਤਿਹਗੜ੍ਹ ਸਾਹਿਬ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਮੋਗਾ, ਪਠਾਨਕੋਟ, ਪਟਿਆਲਾ, ਐਸ.ਬੀ.ਐਸ. ਨਗਰ ਅਤੇ ਤਰਨਤਾਰਨ) ਵਿੱਚ ਚੱਲੇਗਾ। ਜਦਕਿ ਪਰਵਾਸੀ ਆਬਾਦੀ ਵਾਲੇ ਉੱਚ-ਜੋਖਮ ਵਾਲੇ ਖੇਤਰ ਜਿਵੇਂ ਕਿ ਇੱਟਾਂ ਦੇ ਭੱਠਿਆਂ, ਨਿਰਮਾਣ ਸਥਾਨਾਂ, ਝੁੱਗੀਆਂ ਅਤੇ ਬਸਤੀਆਂ ਨੂੰ ਵਿਸ਼ੇਸ਼ ਧਿਆਨ ਵਿੱਚ ਰੱਖਿਆ ਜਾਵੇਗਾ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਭਾਵੇਂ ਸਿਹਤ ਟੀਮਾਂ ਵੱਲੋਂ ਹਰੇਕ ਬੱਚੇ ਨੂੰ ਪਲਸ ਪੋਲੀਓ ਦੀ ਇਸ ਮੁਹਿੰਮ ਦੌਰਾਨ ਘਰ-ਘਰ ਜਾ ਕੇ ਦੋ ਬੂੰਦਾਂ ਜਿੰਦਗੀ ਦੀਆਂ ਪਿਲਾਈਆਂ ਜਾਣਗੀਆ ਪਰ ਫਿਰ ਵੀ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸਾਰੇ ਮਾਪਿਆਂ/ਸਰਪ੍ਰਸਤਾਂ ਨੂੰ ਅਪੀਲ ਹੈ ਕਿ ਉਹ ਆਪਣੇ ਬੱਚੇ ਨੂੰ ਨਜ਼ਦੀਕੀ ਪੋਲੀਓ ਬੂਥ ‘ਤੇ ਜਾਕੇ ਪੋਲੀਓ ਵੈਕਸੀਨ ਦੀਆਂ ਬੂੰਦਾਂ ਜਰੂਰ ਪਿਲਾਉਣ ਤਾਂ ਜੋ ਕੋਈ ਵੀ ਬੱਚਾ ਇਸ ਮੁਹਿੰਮ ਤੋਂ ਖੁੰਝ ਨਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਇਸ ਮੁਹਿੰਮ ਨੂੰ ਤਾਂ ਹੀ ਸਫਲ ਕਰ ਸਕਦੇ ਹਾਂ ਜੇਕਰ ਸੌ ਫ਼ੀਸਦੀ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾ ਪਿਲਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਜੇਕਰ ਕੋਈ 5 ਸਾਲ ਤੋਂ ਘੱਟ ਉਮਰ ਦਾ ਬੱਚਾ ਭਾਵੇ ਸੂਬੇ ਜਾ ਦੇਸ਼ ਤੋਂ ਬਾਹਰ ਤੋਂ ਵੀ ਆਇਆ ਹੈ ਤਾਂ ਉਸ ਨੂੰ ਵੀ ਬੂੰਦਾਂ ਪਿਲਾਈਆਂ ਜਾਣ। ਉਨ੍ਹਾਂ ਕਿਹਾ ਕਿ
ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਜਸਮਿੰਦਰ ਨੇ ਦੱਸਿਆ ਕਿ ਇਸ ਮੁਹਿੰਮ ਦੀ ਸਫ਼ਲਤਾ ਲਈ ਹਰ ਤਰ੍ਹਾਂ ਦੀ ਲੋੜ ਪੂਰੀ ਕੀਤੀ ਜਾ ਰਹੀ ਹੈ ਅਤੇ ਸਿਹਤ ਵਿਭਾਗ ਵੱਲੋਂ ਲਗਭਗ 25000 ਕਰਮਚਾਰੀ ਜਿਨ੍ਹਾਂ ਵਿੱਚ ਆਸ਼ਾ, ਆਂਗਣਵਾੜੀ ਵਰਕਰਾਂ, ਏ.ਐਨ.ਐਮਜ਼ ਆਦਿ ਸ਼ਾਮਲ ਹਨ, ਨੂੰ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਪੰਜ ਸਾਲ ਤੱਕ ਦੀ ਉਮਰ ਦੇ 14 ਲੱਖ 97 ਹਜਾਰ 952 ਬੱਚਿਆਂ ਨੂੰ ਬੂੰਦਾਂ ਪਿਲਾਉਣ ਲਈ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 6918 ਬੂਥ ਲਗਾਏ ਗਏ ਹਨ ਤੇ 13,258 ਟੀਮਾਂ ਘਰ ਘਰ ਜਾਕੇ ਪਲਸ ਪੋਲੀਓ ਦੀਆਂ ਬੂੰਦਾਂ ਪਿਲਾਉਣਗੀਆਂ। ਇਸ ਤੋਂ ਇਲਾਵਾ 274 ਮੋਬਾਇਲ ਟੀਮਾਂ ਅਤੇ 375 ਟਰਾਜਿਟ ਟੀਮਾਂ ਲਗਾਈਆਂ ਗਈਆਂ ਹਨ। ਇਸ ਮੌਕੇ ਏਸ਼ੀਅਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਪਲਸ ਪੋਲੀਓ ਸਬੰਧੀ ਜਾਗਰੂਕਤਾ ਪੈਦਾ ਕਰਦਾ ਨੁੱਕੜ ਨਾਟਕ ‘ਪੋਲੀਓ ਬਿਮਾਰੀ ਹੈ, ਕਰੋਪੀ ਨਹੀ’ ਪੇਸ਼ ਕੀਤਾ ਗਿਆ।
ਸਮਾਰੋਹ ਦੌਰਾਨ ਸਟੇਟ ਟੀਕਾਕਰਨ ਅਫ਼ਸਰ ਕਮ ਸੁਯੰਕਤ ਡਾਇਰੈਕਟਰ ਡਾ. ਬਲਵਿੰਦਰ ਕੌਰ, ਡਾ. ਬਿਕਰਮ ਗੁਪਤਾ, ਡਾ. ਜਗਪਾਲ ਇੰਦਰ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਬਲਕਾਰ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੁਸ਼ਲਦੀਪ ਗਿੱਲ, ਐਸ.ਐਮ.ਓ ਤ੍ਰਿਪੜੀ ਡਾ. ਮੋਨਿਕਾ, ਐਸ.ਐਮ.ਓ ਮਾਡਲ ਟਾਊਨ ਡਾ. ਲਵਕੇਸ਼ ਕੁਮਾਰ, ਜਸਬੀਰ ਸਿੰਘ ਗਾਂਧੀ ਤੇ ਵੇਦ ਪ੍ਰਕਾਸ਼ ਆਦਿ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ-ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਦੇ ਕਮਿਊਨਿਟੀ ਹੈਲਥ ਸੈਂਟਰ, ਤ੍ਰਿਪੜੀ ਵਿਖੇ ਪੰਜਾਬ ਪੱਧਰੀ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ।