ਨਵੀਂ ਦਿੱਲੀ, 9ਜੂਨ (ਹਰਸ਼ਪ੍ਰੀਤ ਕੌਰ): ਨਵੀਂ ਦਿੱਲੀ ਦੇ ਇਤਿਹਾਸਕ ਜੰਤਰ ਮੰਤਰ ਵਿਖੇ ਕਾਕਰੋਚ ਜਨਤਾ ਪਾਰਟੀ (CJP) ਵੱਲੋਂ ਕੀਤੀ ਗਈ ਰੋਸ ਰੈਲੀ ਪੁਰਅਮਨ ਢੰਗ ਨਾਲ ਨੇਪਰੇ ਚੜ੍ਹ ਗਈ ਹੈ। ਇਸ ਰੈਲੀ ਦੇ ਸ਼ਾਂਤੀਪੂਰਵਕ ਮੁਕੰਮਲ ਹੋਣ ਨਾਲ ਦਿੱਲੀ ਪੁਲੀਸ ਅਤੇ ਕੇਂਦਰ ਦੀ ਹੁਕਮਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੁੱਖ ਦਾ ਸਾਹ ਲਿਆ ਹੈ। ‘ਸੀ.ਜੇ.ਪੀ.’ ਦੀ ਇਸ ਪਹਿਲੀ ਜਨਤਕ ਰੈਲੀ ਨੂੰ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਹਾਲਾਂਕਿ ਪ੍ਰਬੰਧਕਾਂ ਨੇ ਹਜ਼ਾਰਾਂ ਦੀ ਗਿਣਤੀ ਦਾ ਦਾਅਵਾ ਕੀਤਾ ਹੈ, ਪਰ ਦਿੱਲੀ ਪੁਲੀਸ ਅਤੇ ਨਿਰਪੱਖ ਮੀਡੀਆ ਅਨੁਸਾਰ ਇਹ ਗਿਣਤੀ 1500 ਤੋਂ 2000 ਦੇ ਵਿਚਕਾਰ ਸੀ।
ਸਖ਼ਤ ਗਰਮੀ ਅਤੇ ਅਨਿਸ਼ਚਿਤਤਾ ਦੇ ਬਾਵਜੂਦ ਜੁਟੀ ਭੀੜ
ਭਰ ਗਰਮੀ ਅਤੇ ਬਿਨਾਂ ਕਿਸੇ ਮਜ਼ਬੂਤ ਜਥੇਬੰਦਕ ਢਾਂਚੇ ਦੇ ਇੰਨੀ ਗਿਣਤੀ ਵਿੱਚ ਨੌਜਵਾਨਾਂ ਦਾ ਇਕੱਠੇ ਹੋਣਾ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ, ਖ਼ਾਸ ਕਰਕੇ ਉਦੋਂ ਜਦੋਂ ਰੈਲੀ ਦੀ ਪ੍ਰਵਾਨਗੀ ਨੂੰ ਲੈ ਕੇ ਸਥਿਤੀ ਅਸਪਸ਼ਟ ਸੀ। ਰੈਲੀ ਦੌਰਾਨ ਟਕਰਾਅ ਪੈਦਾ ਕਰਨ ਦੀਆਂ ਕਿਆਸਅਰਾਈਆਂ ਵੀ ਸਨ, ਪਰ ਦਿੱਲੀ ਪੁਲੀਸ ਨੇ ਮੁਸਤੈਦੀ ਦਿਖਾਉਂਦਿਆਂ ਵਿਘਨ ਪਾਉਣ ਵਾਲੇ ਅਨਸਰਾਂ ਨੂੰ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ।
ਸੀ.ਜੇ.ਪੀ. ਦੇ ਸੰਸਥਾਪਕ ਅਭਿਜੀਤ ਦੀਪਕੇ ਦੇ ਅਮਰੀਕਾ ਤੋਂ ਦਿੱਲੀ ਪਹੁੰਚਣ ‘ਤੇ ਉਨ੍ਹਾਂ ਨੂੰ ਮੀਡੀਆ ਦੀ ਹਾਜ਼ਰੀ ਵਿੱਚ ਪ੍ਰਵਾਨਗੀ ਪੱਤਰ ਸੌਂਪਿਆ ਗਿਆ। ਇਹ ਰੈਲੀ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸਮਾਪਤ ਹੋਈ, ਜਿਸ ਲਈ ਪਹਿਲਾਂ 5 ਘੰਟੇ ਅਤੇ ਬਾਅਦ ਵਿੱਚ 7 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ।
ਸਿੱਖਿਆ ਪ੍ਰਣਾਲੀ ਦੀਆਂ ਨਾਕਾਮੀਆਂ ਅਤੇ ਜਨਤਾ ਦਾ ਗੁੱਸਾ
ਦੇਸ਼ ਭਰ ਦੇ ਨੌਜਵਾਨਾਂ ਅਤੇ ਮਾਪਿਆਂ ਵਿੱਚ ਇਸ ਵੇਲੇ ਭਾਰੀ ਬੇਚੈਨੀ ਅਤੇ ਗੁੱਸਾ ਹੈ। ਇਸ ਦੇ ਮੁੱਖ ਕਾਰਨ ਹਨ:
-
‘ਨੀਟ’ (NEET) ਪੇਪਰ ਲੀਕ ਮਾਮਲਾ ਅਤੇ ਪ੍ਰੀਖਿਆਵਾਂ ਨੂੰ ਰੱਦ ਕਰਕੇ ਮੁੜ-ਪ੍ਰੀਖਿਆ ਕਰਵਾਉਣ ਦੀ ਨੌਬਤ ਆਉਣਾ।
-
ਸੀ.ਬੀ.ਐਸ.ਈ. (CBSE) ਦੀ 12ਵੀਂ ਜਮਾਤ ਦੇ ਮੁਲਾਂਕਣ ਅਤੇ ਨਤੀਜੇ ਤਿਆਰ ਕਰਨ ਵਾਲੇ ਸੌਫ਼ਟਵੇਅਰ ਦੀ ਨਾਕਾਮੀ।
“ਭਾਵੇਂ ਸਿੱਖਿਆ ਮੰਤਰੀ ਇਨ੍ਹਾਂ ਖ਼ਾਮੀਆਂ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਨਹੀਂ ਹਨ, ਪਰ ਮੰਤਰਾਲੇ ਦੇ ਮੁਖੀ ਹੋਣ ਦੇ ਨਾਤੇ ਇਖ਼ਲਾਕੀ ਆਧਾਰ ‘ਤੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਨੂੰ ਗ਼ਲਤ ਨਹੀਂ ਠਹਿਰਾਇਆ ਜਾ ਸਕਦਾ। ਪਰ ਅੱਜ ਦੇ ਦੌਰ ਵਿੱਚ ਲਾਲ ਬਹਾਦਰ ਸ਼ਾਸਤਰੀ ਵਰਗੇ ਆਦਰਸ਼ਵਾਦ ਦੀ ਉਮੀਦ ਕਰਨਾ ਮੁਸ਼ਕਿਲ ਹੈ।”
