ਸਾਹਿਤਯ ਕਲਸ਼ ਵੱਲੋਂ 160 ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ ਵੰਡ ਕੇ ਸਮਾਜਿਕ ਸੇਵਾ ਦਾ ਉੱਦਾਤ ਉਦਾਹਰਨ ਪੇਸ਼ ਕੀਤਾ

ਪਟਿਆਲਾ, 6 ਨਵੰਬਰ (ਜਗਪ੍ਰੀਤ ਮਹਾਜਨ): ਸਾਹਿਤਯ ਕਲਸ਼ ਪ੍ਰਕਾਸ਼ਨ ਅਤੇ ਪਰਿਵਾਰ ਪਟਿਆਲਾ ਵੱਲੋਂ ਪ੍ਰਭਾਤ ਪਰਵਾਨਾ ਹਾਲ ਵਿੱਚ ਸਾਲਾਨਾ ਪੁਰਸਕਾਰ ਸਮਾਰੋਹ, ਪੁਸਤਕ ਵਿਮੋਚਨ ਅਤੇ ਰਾਸ਼ਟਰੀ ਕਾਵਿ ਸੰਮੇਲਨ ਦਾ ਵਿਸ਼ਾਲ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਪਟਿਆਲਾ ਹੀ ਨਹੀਂ, ਸਗੋਂ ਕਈ ਰਾਜਾਂ ਤੋਂ ਆਏ ਲੇਖਕਾਂ ਅਤੇ ਕਵੀਆਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ। ਲਗਭਗ 300 ਸਾਹਿਤ ਪ੍ਰੇਮੀ ਇਸ ਮਹਾਨ ਸਮਾਗਮ ਦਾ ਹਿੱਸਾ ਬਣੇ।
ਸਮਾਰੋਹ ਦੀ ਸ਼ੁਰੂਆਤ ਸਾਹਿਤਯ ਕਲਸ਼ ਦੇ ਸੰਸਥਾਪਕ ਸਾਗਰ ਸੂਦ ਸੰਜੇ ਨੇ ਮਾਂ ਸਰਸਵਤੀ ਦੀ ਵੰਦਨਾ ਅਤੇ ਦੀਵਾ ਪ੍ਰਜੁਲਿਤ ਕਰਕੇ ਕੀਤੀ। ਪਹਿਲੇ ਪੜਾਅ ਵਿੱਚ ਕਵਿਤਾ ਪਾਠ ਸੈਸ਼ਨ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਹਾਲ ਵਿੱਚ ਸਾਹਿਤਕ ਰੰਗ ਭਰ ਦਿੱਤਾ। ਗੀਤਾਂ, ਗ਼ਜ਼ਲਾਂ, ਵਿਅੰਗ ਅਤੇ ਛੋਟੀਆਂ ਕਹਾਣੀਆਂ ਦੀਆਂ ਧੁਨਾਂ ਨਾਲ ਹਾਲ ਗੂੰਜਦਾ ਰਿਹਾ।
ਦੂਜੇ ਪੜਾਅ ਵਿੱਚ ਸਾਹਿਤਯ ਕਲਸ਼ ਵੱਲੋਂ 160 ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ ਵੰਡ ਕੇ ਸਮਾਜਿਕ ਸੇਵਾ ਦਾ ਉੱਦਾਤ ਉਦਾਹਰਨ ਪੇਸ਼ ਕੀਤਾ ਗਿਆ। ਇਸ ਦੇ ਬਾਅਦ ਪੁਸਤਕ ਵਿਮੋਚਨ ਸੈਸ਼ਨ ਵਿੱਚ ਕੁੱਲ 11 ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਸਾਗਰ ਸੂਦ ਦੁਆਰਾ ਸੰਪਾਦਿਤ “ਸ਼ਬਦੋਂ ਕੀ ਮਹਿਫ਼ਿਲ” ਅਤੇ “ਕਾਵਿ ਤ੍ਰਿੰਝਣ” ਵਰਗੇ ਕਾਵਿ ਸੰਗ੍ਰਹਿ ਦੇ ਨਾਲ-ਨਾਲ ਡਾ. ਇੰਦਰ ਪਾਲ ਸਿੰਘ, ਪੁਨੀਤ ਗੋਇਲ, ਅੰਮ੍ਰਿਤ ਪਾਲ ਕੌਰ, ਡਾ. ਅਨੀਸ਼ਾ ਅੰਗਰਾ ਅੰਗਿਰਾ ਅਤੇ ਅਮਿਤ ਵਰਮਾ ਰਹਿਬਰ ਦੀਆਂ ਪੁਸਤਕਾਂ ਦਾ ਵਿਮੋਚਨ ਕੀਤਾ ਗਿਆ।
ਪੁਰਸਕਾਰ ਸਮਾਰੋਹ ਦੌਰਾਨ ਸਾਗਰ ਸੂਦ ਨੇ ਰਾਜੇਂਦਰ ਵਿਅਥਿਤ ਦੀ ਯਾਦ ਵਿੱਚ “ਰਾਜੇਂਦਰ ਵਿਅਥਿਤ ਸਾਹਿਤ ਗੌਰਵ ਸਨਮਾਨ 2025” ਨਾਲ ਕਈ ਵਿਸ਼ਿਸ਼ਟ ਸਾਹਿਤਕਾਰਾਂ — ਸੁਭਾਸ਼ ਭਾਸਕਰ, ਡਾ. ਅਨੀਸ਼ ਗਰਗ, ਨਿਰੰਜਨ ਬੋਹਾ, ਬਜਿੰਦਰ ਠਾਕੁਰ, ਅੰਮ੍ਰਿਤ ਪਾਲ ਸਿੰਘ ਕੌਫੀ ਅਤੇ ਕੁਲਵਿੰਦਰ ਕੁਮਾਰ — ਨੂੰ ਸਨਮਾਨਿਤ ਕੀਤਾ। ਇਸ ਦੇ ਨਾਲ ਹੋਰ ਵਿਸ਼ੇਸ਼ ਸਨਮਾਨ ਵੀ ਵੱਖ-ਵੱਖ ਵਿਅਕਤੀਆਂ ਨੂੰ ਉਨ੍ਹਾਂ ਦੇ ਸਾਹਿਤਕ ਯੋਗਦਾਨ ਲਈ ਪ੍ਰਦਾਨ ਕੀਤੇ ਗਏ।
ਸਮਾਗਮ ਵਿੱਚ ਪਵਨ ਗੋਇਲ, ਡਾ. ਨੀਰਜ ਭਾਰਦਵਾਜ, ਤ੍ਰਿਲੋਕ ਸਿੰਘ ਢਿੱਲੋਂ ਅਤੇ ਗੀਤਾ ਰਾਣੀ ਵਰਗੇ ਵਿਸ਼ੇਸ਼ ਮਹਿਮਾਨਾਂ ਨੇ ਹਾਜ਼ਰੀ ਭਰ ਕੇ ਮੰਚ ਦੀ ਸ਼ੋਭਾ ਵਧਾਈ ਅਤੇ ਸਾਗਰ ਸੂਦ ਤੇ ਉਨ੍ਹਾਂ ਦੇ ਪਰਿਵਾਰ ਦੀ ਸਮਰਪਿਤ ਭੂਮਿਕਾ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਸਾਹਿਤ ਕਲਸ਼ ਪਰਿਵਾਰ ਦੇ ਮੈਂਬਰਾਂ ਦਾ ਜਨਮਦਿਨ ਕੇਕ ਕੱਟ ਕੇ ਮਨਾਇਆ ਗਿਆ ਤੇ ਉਨ੍ਹਾਂ ਮੈਂਬਰਾਂ ਨੂੰ ਯਾਦ ਕੀਤਾ ਗਿਆ ਜੋ ਹੁਣ ਸਾਡੇ ਵਿਚ ਨਹੀਂ ਰਹੇ।
ਸਮਾਰੋਹ ਦਾ ਸਮਾਪਨ ਰਾਸ਼ਟਰੀ ਗੀਤ ਨਾਲ ਹੋਇਆ। ਦੁਪਹਿਰ ਦੇ ਭੋਜਨ ਨਾਲ ਸਮਾਪਤ ਹੋਏ ਇਸ ਸਮਾਗਮ ਨੇ ਪਟਿਆਲਾ ਦੀ ਸਾਹਿਤਕ ਧਰਤੀ ’ਤੇ ਇੱਕ ਨਵਾਂ ਅਧਿਆਇ ਜੋੜ ਦਿੱਤਾ, ਜਿੱਥੇ ਕਵਿਤਾ, ਸੇਵਾ ਅਤੇ ਸੱਭਿਆਚਾਰ ਦਾ ਸੁੰਦਰ ਮਿਲਾਪ ਦੇਖਣ ਨੂੰ ਮਿਲਿਆ।