ਪਟਿਆਲਾ 10 ਜਨਵਰੀ
ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ ਨੇ ਪ੍ਰਬੰਧਕੀ ਕੰਪਲੈਕਸ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਬੈਠਕ ਕੀਤੀ । ਬੈਠਕ ਵਿੱਚ ਪਟਿਆਲਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਡਰਗ ਇਨਸਪੈਕਟਰਾਂ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਆਪਸ ਵਿੱਚ ਤਾਲਮੇਲ ਕਰਕੇ ਨਸ਼ੇ ਦੀ ਤਸਕਰੀ ਬੰਦ ਕਰਨ ਦੇ ਸਖ਼ਤ ਆਦੇਸ਼ ਦਿੱਤੇ ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਜਿਹੜੇ ਨੌਜਵਾਨ ਕਿਸੇ ਕਾਰਨ ਗੁੰਮਰਾਹ ਹੋਕੇ ਨਸ਼ਿਆਂ ਦੀ ਲਤ ਲਗਾ ਚੁੱਕੇ ਹਨ , ਨਸ਼ਾ ਛੁਡਵਾਉਣ ਲਈ ਉਹਨਾਂ ਦਾ ਇਲਾਜ ਕਰਵਾਇਆ ਜਾਵੇਗਾ । ਉਹਨਾਂ ਇਹ ਵੀ ਕਿਹਾ ਕਿ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਫੜੇ ਜਾਂਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਪੁਲਿਸ ਦੇ ਜਾਂਚ ਅਧਿਕਾਰੀਆਂ ਨੂੰ ਸਿਖਲਾਈ ਦਿਵਾਈ ਜਾਵੇ ਤਾਂ ਜੋ ਕੋਈ ਨਸ਼ਾ ਤਸਕਰ ਅਦਾਲਤ ਵਿੱਚੋਂ ਬਰੀ ਨਾ ਹੋ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਸਖਤ ਹਦਾਇਤ ਕਰਦਿਆਂ ਕਿਹਾ ਕਿ ਪ੍ਰੀਗਾਬਾਲਿਨ ਅਤੇ ਹੋਰ ਦਵਾਈਆਂ ਜਿਹੜੀਆਂ ਕਿ ਨਸ਼ਿਆਂ ਲਈ ਵਰਤੀਆਂ ਜਾਂਦੀਆਂ ਹਨ ਦੀ ਬਰਾਮਦਗੀ ਹੋਣ ਤੇ ਪੂਰੀ ਪੜਤਾਲ ਕੀਤੀ ਜਾਵੇ। ਉਹਨਾਂ ਕਿਹਾ ਕਿ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਰੋਕਣ ਲਈ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਰਿਪੋਰਟ ਤੁਰੰਤ ਇਸ ਕਮੇਟੀ ਨੂੰ ਕੀਤੀ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹਰੇਕ ਸਕੂਲ , ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ , ਕਾਲਜਾਂ ਤੋਂ ਇਹ ਸਰਟੀਫਿਕੇਟ ਲੈਣਗੇ ਕਿ ਉਹਨਾਂ ਦੇ ਸਕੂਲਾਂ ਅਤੇ ਕਾਲਜਾਂ ਦੇ ਆਸਪਾਸ ਕੋਈ ਤੰਬਾਕੂ ਪਦਾਰਥਾਂ ਜਾਂ ਕਿਸੇ ਹੋਰ ਨਸ਼ੇ ਦੀ ਕੋਈ ਵਿਕਰੀ ਨਹੀ ਹੋ ਰਹੀ। ਉਹਨਾਂ ਇਹ ਵੀ ਕਿਹਾ ਕਿ ਅਧਿਆਪਕ ਮਾਪੇ ਮਿਲਣੀ ਦੌਰਾਨ ਬੱਚਿਆਂ ਦੇ ਨਾਲ-ਨਾਲ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਨਸ਼ੇ ਸਬੰਧੀ ਜਾਗਰੂਕ ਕਰਨ ਲਈ ਕਾਊਂਸਲਰ ਉਪਲਬਧ ਕਰਵਾਏ ਜਾਣ ।
ਇਸ਼ਾ ਸਿੰਗਲ ਨੇ ਅਗੋਂ ਕਿਹਾ ਕਿ ਜ਼ਿਲ੍ਹੇ ਅੰਦਰ ਨਸ਼ਿਆਂ ਵਿਰੁੱਧ ਜਾਗਰੂਕਤਾਂ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇ । ਬੱਚਿਆਂ ਨੂੰ ਖੇਡਾਂ ਤੋ ਇਲਾਵਾ ਹੋਰ ਗਤੀਵਿਧੀਆਂ ਦੇ ਨਾਲ ਵੀ ਜੋੜਿਆ ਜਾਵੇ । ਉਹਨਾਂ ਸਕੂਲ ਅਤੇ ਕਾਲਜਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲਗਾਉਣ ਦੀ ਹਦਾਇਤ ਵੀ ਕੀਤੀ ।
ਬੈਠਕ ਵਿੱਚ ਜ਼ਿਲ੍ਹਾ ਅਟਾਰਨੀ ਦਵਿੰਦਰ ਗੋਇਲ , ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਜੋਬਨਪ੍ਰੀਤ ਕੌਰ ਚੀਮਾ, ਇੰਸਪੈਕਟਰ ਸਰਪ੍ਰੀਤ ਕੌਰ ਕੌੜਾ, ਸਾਬਕਾ ਪੀ.ਸੀ.ਐਸ. ਅਧਿਕਾਰੀ ਸੁਰਿੰਦਰ ਕੌਰ ਰਿਆੜ, ਡੀ.ਐਮ.ਸੀ ਡਾ: ਜਸਵਿੰਦਰ ਸਿੰਘ, ਸਮਾਜ ਸੇਵੀ ਪਰਮਿੰਦਰ ਭਲਵਾਨ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ ।