ਪਟਿਆਲਾ 8 ਜਨਵਰੀ
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ ਨਾਲ ਇਕ ਬੈਠਕ ਕੀਤੀ । ਬੈਠਕ ਵਿੱਚ ਗਊਸ਼ਾਲਾ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਚਰਚਾ ਕੀਤੀ ਗਈ । ਅਸ਼ੋਕ ਕੁਮਾਰ ਸਿੰਗਲਾ ਨੇ ਸਮੂਹ ਅਧਿਕਾਰੀਆਂ ਨੂੰ ਗਊਸ਼ਾਲਾਵਾਂ ਵਿੱਚ ਸੋਲਰ ਪਲਾਂਟ ਲਗਾਉਣ ਲਈ ਕਿਹਾ । ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ ਨੇ ਦੱਸਿਆ ਕਿ ਉਹਨਾ ਅੱਜ ਗਾਜ਼ੀਪੁਰ ਗਊਸ਼ਾਲਾ ਦਾ ਨਿਰੀਖਣ ਕੀਤਾ । ਉਹਨਾਂ ਦੇ ਨਾਲ ਐਸ.ਡੀ.ਐਮ ਨਾਭਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ , ਕਾਰਜਕਾਰੀ ਇੰਜੀਨੀਅਰ ਸਮਾਣਾ ਅਤੇ ਜ਼ਿਲ੍ਹਾ ਮੈਨੇਜਰ ਪੇਡਾ ਵੀ ਸਨ । ਨਿਰੀਖਣ ਦੌਰਾਨ ਉਹਨਾਂ ਗਊਸ਼ਾਲਾ ਵਿੱਚ ਗਊਆਂ ਦੀ ਮੌਤ ਦੇ ਕਾਰਨਾਂ , ਸਾਂਭ ਸੰਭਾਲ ਅਤੇ ਇਸ ਦੀ ਰੋਕਥਾਮ ਬਾਰੇ ਦੱਸਿਆ । ਉਹਨਾਂ ਗਾਜ਼ੀਪੁਰਾ ਗਊਸ਼ਾਲਾ ਦੇ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ । ਉਹਨਾਂ ਦੱਸਿਆ ਕਿ ਗਊ ਸੇਵਾ ਕਮਿਸ਼ਨ ਵੱਲੋਂ ਗਊਸ਼ਾਲਾਵਾਂ ਦੇ ਰੱਖ ਰਖਾਵ , ਸਾਫ ਪਾਣੀ , ਹਰਾ ਚਾਰਾ, ਦਵਾਈਆਂ ਆਦਿ ਦੇ ਪ੍ਰਬੰਧ ਕਰਨ ਸਮੇਤ ਹੋਰ ਸਹੂਲਤਾਂ ਉਪਲਬੱਧ ਕਰਵਾਉਣ ਲਈ ਲਗਾਤਾਰ ਕੋਸ਼ੀਸ਼ਾਂ ਕੀਤੀਆਂ ਜਾ ਰਹੀਆਂ ਹਨ ।
ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਨੇ ਕਿਹਾ ਕਿ ਸਰਦੀਆਂ ਦੌਰਾਨ ਧੁੰਦ ਪੈਣ ਕਾਰਨ ਸੜਕਾਂ ਤੇ ਫਿਰਦੇ ਬੇਸਹਾਰਾ ਗਊਆਂ ਦੀ ਸਾਂਭ ਸੰਭਾਲ ਲਈ ਉਹ ਲਗਾਤਾਰ ਪ੍ਰਸ਼ਾਸ਼ਨ ਨਾਲ ਤਾਲਮੇਲ ਕਰ ਰਹੇ ਹਨ ਅਤੇ ਪ੍ਰਸ਼ਾਸ਼ਨ ਵੱਲੋਂ ਵੀ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ । ਉਹਨਾਂ ਸਮੂਹ ਬੀ.ਡੀ.ਪੀ.ਓਜ਼ ਨੂੰ ਹਦਾਇਤ ਕੀਤੀ ਕਿ ਗਊ ਸੈਸ ਇਕੱਠਾ ਕਰਕੇ ਗਊਸ਼ਾਲਾਵਾਂ ਦੀ ਸਾਂਭ ਸੰਭਾਲ ਲਈ ਤੁਰੰਤ ਕਮੇਟੀਆਂ ਨੂੰ ਸੌਂਪਿਆ ਜਾਵੇ ਅਤੇ ਇਕੱਤਰ ਕੀਤਾ ਗਊ ਸੈਸ ਕਮੇਟੀਆਂ ਨੂੰ ਤਬਦੀਲ ਕਰਨ ਲਈ ਗਊਸ਼ਾਲਾਵਾਂ ਨੂੰ ਬਿਨਾ ਕਿਸੇ ਦੇਰੀ ਤੋ ਭੇਜਿਆ ਜਾਵੇ । ਉਹਨਾਂ ਇਹ ਵੀ ਕਿਹਾ ਕਿ ਗਊ ਸੈਸ ਵਸੂਲਣ ਵਿੱਚ ਹੋਰ ਤੇਜੀ ਲਿਆਂਦੀ ਜਾਵੇ ਤਾਂ ਜੋ ਰਾਜ ਵਿੱਚ ਗਊਧੰਨ ਦੀ ਸਾਂਭ ਸੰਭਾਲ ਸਹੀ ਢੰਗ ਨਾਲ ਕੀਤੀ ਜਾ ਸਕੇ ।
ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ,ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ ,ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪ ਜੋਤ ਕੌਰ , ਐਸ.ਡੀ.ਐਮ ਸਮਾਣਾ ਤਰਸੇਮ ਚੰਦ , ਕਾਰਜਕਾਰੀ ਇੰਜਨੀਅਰ ਅਸ਼ੀਸ਼ ਚੁੱਘ , ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਨੁਮਾਇੰਦੇ , ਜ਼ਿਲ੍ਹੇ ਦੀਆਂ ਨਗਰ ਪਾਲਿਕਾਵਾਂ ਤੇ ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫਸਰ ਤੇ ਪੀ.ਐਸ.ਪੀ.ਸੀ.ਐਲ ਦੇ ਅਧਿਕਾਰੀ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸਮੇਤ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਸ਼ਾਮਲ ਸਨ ।