ਪਟਿਆਲਾ, 7 ਜਨਵਰੀ:
ਪਟਿਆਲਾ ਜ਼ਿਲ੍ਹੇ ਦੀਆਂ ਵੋਟਰ ਸੂਚੀਆਂ ਦੀ ਸੁਧਾਈ ਤੋਂ ਬਾਅਦ ਯੋਗਤਾ ਮਿਤੀ 1 ਜਨਵਰੀ 2025 ਦੇ ਅਧਾਰ ‘ਤੇ ਅੰਤਿਮ ਪ੍ਰਕਾਸ਼ਨਾਂ ਕਰ ਦਿੱਤੀ ਗਈ ਹੈ ਅਤੇ ਅੱਜ ਵੋਟਰ ਸੂਚੀਆਂ ਅਤੇ ਵੋਟਾਂ ਦੀਆਂ ਸੀ.ਡੀਜ਼ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਨੇ ਜ਼ਿਲ੍ਹੇ ‘ਚ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀਆਂ।
ਏ.ਡੀ.ਸੀ ਨੇ ਇਸ ਮੌਕੇ ਦੱਸਿਆ ਕਿ ਇਸ ਸੁਧਾਈ ਦੌਰਾਨ ਨਵੀਂਆਂ ਬਣੀਆਂ ਵੋਟਾਂ, ਕੱਟੀਆਂ ਗਈਆਂ ਵੋਟਾਂ ਅਤੇ ਸੁਧਾਈ ਬਾਅਦ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ਨਾਭਾ, ਪਟਿਆਲਾ ਦਿਹਾਤੀ, ਰਾਜਪੁਰਾ, ਘਨੌਰ, ਸਨੌਰ, ਪਟਿਆਲਾ, ਸਮਾਣਾ ਅਤੇ ਸ਼ੁਤਰਾਣਾ ਵਿੱਚ ਹੁਣ ਕੁਲ ਵੋਟਰਾਂ ਦੀ ਗਿਣਤੀ 15 ਲੱਖ 1 ਹਜ਼ਾਰ 207 ਹੈ। ਇਨ੍ਹਾਂ ਵਿੱਚ 7 ਲੱਖ 83 ਹਜ਼ਾਰ 268 ਪੁਰਸ਼, 7 ਲੱਖ 17 ਹਜ਼ਾਰ 877 ਮਹਿਲਾ ਅਤੇ 62 ਟਰਾਂਸਜੈਂਡਰ ਵੋਟਰ ਹਨ।
ਇਸ਼ਾ ਸਿੰਗਲ ਨੇ ਵਿਧਾਨ ਸਭਾ ਹਲਕਿਆਂ ਸਬੰਧੀ ਵਿਸਥਾਰਪੂਰਵਕ ਵੇਰਵੇ ਦਿੰਦਿਆਂ ਦੱਸਿਆ ਵਿਧਾਨ ਸਭਾ ਹਲਾਕ ਨਾਭਾ ਵਿਖੇ ਕੁਲ ਵੋਟਰ 1,87,288 ਹਨ, ਜਿਸ ਵਿਚੋਂ ਪੁਰਸ਼ ਵੋਟਰ 97,446, ਮਹਿਲਾ ਵੋਟਰ 89,832 ਤੇ ਟਰਾਂਸਜੈਂਡਰ 10 ਵੋਟਰ ਹਨ। ਇਸੇ ਤਰ੍ਹਾਂ ਪਟਿਆਲਾ ਦਿਹਾਤੀ ਦੇ ਕੁਲ ਵੋਟਰ 2,18,434 ਹਨ, ਜਿਸ ਵਿਚੋਂ 1,12,480 ਪੁਰਸ਼ ਵੋਟਰ, 1,05,946 ਮਹਿਲਾ ਤੇ 8 ਟਰਾਂਸਜੈਂਡਰ ਵੋਟਰ ਹਨ। ਵਿਧਾਨ ਸਭਾ ਹਲਕਾ ਰਾਜਪੁਰਾ ਵਿੱਚ 1,80,233 ਕੁਲ ਵੋਟਰ ਹਨ, ਜਿਨ੍ਹਾਂ ਵਿੱਚ 94,495 ਪੁਰਸ਼ ਵੋਟਰ, 85,733 ਮਹਿਲਾ ਵੋਟਰ ਤੇ 5 ਟਰਾਂਸਜੈਂਡਰ ਵੋਟਰ ਹਨ।
ਉਨ੍ਹਾਂ ਦੱਸਿਆ ਕਿ 1 ਜਨਵਰੀ 2025 ਦੇ ਆਧਾਰ ’ਤੇ ਵੋਟਰ ਲਿਸਟਾਂ ਦੀ ਹੋਈ ਪ੍ਰਕਾਸ਼ਨਾਂ ਤੋਂ ਬਾਅਦ ਹਲਕਾ ਘਨੌਰ ਵਿਖੇ 1,64,068 ਕੁਲ ਵੋਟਰ ਹਨ, ਜਿਸ ਵਿੱਚ 88,070 ਪੁਰਸ਼, 75,998 ਮਹਿਲਾ ਵੋਟਰ ਹਨ। ਸਨੌਰ ਹਲਕੇ ਵਿੱਚ 2,25,239 ਕੁਲ ਵੋਟਰ ਹਨ, ਉਥੇ ਪੁਰਸ਼ ਵੋਟਰਾਂ ਦੀ ਗਿਣਤੀ 1,18,228 ਹੈ ਜਦਕਿ ਮਹਿਲਾ ਵੋਟਰਾਂ ਦੀ ਗਿਣਤੀ 1,07,004 ਅਤੇ 7 ਟਰਾਂਸਜੈਂਡਰ ਵੋਟਰ ਹਨ। ਪਟਿਆਲਾ ਸ਼ਹਿਰੀ ਵਿੱਚ ਕੁਲ ਵੋਟਰ 1,51,002 ਹਨ, ਜਿਸ ਵਿੱਚ 77,501 ਪੁਰਸ਼, 73,488 ਮਹਿਲਾ ਤੇ 13 ਟਰਾਂਸਜੈਂਡਰ ਵੋਟਰ ਹਨ। ਸਮਾਣਾ ਵਿਧਾਨ ਸਭਾ ਹਲਕੇ ਵਿੱਚ 1,89,464 ਕੁਲ ਵੋਟਰ ਹਨ, ਜਿਸ ਵਿਚੋਂ 98,671 ਪੁਰਸ਼, 90,779 ਮਹਿਲਾ ਵੋਟਰ ਤੇ 14 ਟਰਾਂਸਜੈਂਡਰ ਵੋਟਰ ਹਨ। ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ 1,85,479 ਕੁਲ ਵੋਟਰ ਹਨ, ਜਿਸ ਵਿਚੋਂ 96,377 ਪੁਰਸ਼ ਵੋਟਰ, 89,097 ਮਹਿਲਾ ਵੋਟਰ ਤੇ 5 ਟਰਾਂਸਜੈਂਡਰ ਵੋਟਰ ਹਨ।
ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਸਾਲ ਵਿੱਚ ਚਾਰ ਯੋਗਤਾ ਮਿਤੀਆਂ ਨਿਰਧਾਰਤ ਕੀਤੀਆਂ ਗਈਆਂ ਹਨ: 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਜਿਸ ਅਨੁਸਾਰ ਹੁਣ ਅਗਲੀ ਯੋਗਤਾ ਮਿਤੀ 1 ਅਪ੍ਰੈਲ 2025 ਹੈ। ਉਨ੍ਹਾਂ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਸੌਂਪਦਿਆਂ ਕਿਹਾ ਕਿ ਇਹ ਵੋਟਰ ਸੂਚੀਆਂ ਚੰਗੀ ਤਰ੍ਹਾਂ ਚੈੱਕ ਕਰ ਲਈਆਂ ਜਾਣ ਅਤੇ ਜੇਕਰ ਕਿਸੇ ਯੋਗ ਵਿਅਕਤੀ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਤੋਂ ਰਹਿ ਗਿਆ ਹੈ ਜਾਂ ਕਿਸੇ ਦੀ ਵੋਟ ਕੱਟਣ ਤੋਂ ਰਹਿ ਗਈ ਹੈ ਜਾਂ ਕੋਈ ਸੋਧ ਕੀਤੀ ਜਾਣੀ ਹੈ, ਤਾਂ ਉਹ ਇਸ ਸਬੰਧੀ ਫਾਰਮ ਭਰ ਕੇ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ ਵਿੱਚ ਦੇ ਸਕਦਾ ਹੈ। ਇਸ ਸਮੇਂ ਦੌਰਾਨ ਪ੍ਰਾਪਤ ਹੋਣ ਵਾਲੇ ਦਾਅਵੇ ਅਤੇ ਇਤਰਾਜ਼ਾਂ ਦਾ ਵੋਟਰ ਸੂਚੀਆਂ ਦੀ ਲਗਾਤਾਰ ਸੁਧਾਈ ਦੌਰਾਨ ਹਦਾਇਤ ਅਨੁਸਾਰ ਨਿਪਟਾਰਾ ਕਰ ਦਿੱਤਾ ਜਾਵੇਗਾ।
ਉਨ੍ਹਾਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਆਮ ਜਨਤਾ ਅਤੇ ਵੋਟਰਾਂ ਦੀ ਸਹੂਲਤ ਲਈ ਚੋਣ ਤਹਿਸੀਲਦਾਰ ਪਟਿਆਲਾ ਦੇ ਦਫ਼ਤਰ ਵਿੱਚ 1950 ਟੋਲ ਫ਼ਰੀ ਨੰਬਰ ਲਗਾਇਆ ਗਿਆ ਹੈ। ਜੇਕਰ ਕਿਸੇ ਵਿਅਕਤੀ ਜਾਂ ਵੋਟਰ ਨੂੰ ਵੋਟਾਂ ਦੇ ਕੰਮ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ, ਫੀਡਬੈਕ ਦੇਣ, ਕੋਈ ਸੁਝਾਅ ਦੇਣ ਜਾਂ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਦੇਣੀ ਹੈ ਤਾਂ ਉਹ 1950 ਟੋਲ ਫ਼ਰੀ ਨੰਬਰ ਤੇ ਕਾਲ ਕਰ ਸਕਦੇ ਹਨ। ਮੀਟਿੰਗ ਵਿਚ ਚੋਣ ਤਹਿਸੀਲਦਾਰ ਵਿਜੈ ਕੁਮਾਰ ਚੌਧਰੀ ਅਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।
ਫੋਟੋ : ਏਡੀਸੀ ਇਸ਼ਾ ਸਿੰਗਲ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਸੌਂਪਦੇ ਹੋਏ।
ਪਟਿਆਲਾ ਜ਼ਿਲ੍ਹੇ ‘ਚ ਵੋਟਰਾਂ ਦੀ ਗਿਣਤੀ 15 ਲੱਖ 1 ਹਜ਼ਾਰ 207 ਹੋਈ
RELATED ARTICLES