ਬਿਹਾਰ: ਬਿਹਾਰ ਵਿੱਚ ਬੀ.ਪੀ.ਐਸ.ਸੀ. ਦੇ ਵਿਦਿਆਰਥੀਆਂ (BPSC Students) ਦਾ ਗੁੱਸਾ ਵਧਦਾ ਜਾ ਰਿਹਾ ਹੈ। ਵਿਦਿਆਰਥੀਆਂ ਨੇ 13 ਦਸੰਬਰ ਨੂੰ ਹੋਈ ਪ੍ਰੀਖਿਆ ਵਿੱਚ ਬੇਨਿਯਮੀਆਂ ਦੇ ਦੋਸ਼ ਲਾਏ ਹਨ ਅਤੇ ਪ੍ਰੀਖਿਆ ਰੱਦ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਪੁਲਿਸ ਨੇ ਬੀਤੇ ਦਿਨ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ‘ਤੇ ਬਲ ਦੀ ਵਰਤੋਂ ਕੀਤੀ ਸੀ। ਅਜਿਹੇ ‘ਚ ਵਿਦਿਆਰਥੀ ਹੋਰ ਨਾਰਾਜ਼ ਹੋ ਗਏ ਹਨ ਅਤੇ ਅੱਜ ਬਿਹਾਰ ਬੰਦ ਅਤੇ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਹੈ। ਵੱਡੀ ਗਿਣਤੀ ‘ਚ ਵਿਦਿਆਰਥੀ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਬੀ.ਪੀ.ਐਸ.ਸੀ. ਉਮੀਦਵਾਰਾਂ ਦੀ ਮੁੱਖ ਮੰਗ ਹੈ ਕਿ ਬੀ.ਪੀ.ਐਸ.ਸੀ. ਦੇ ਚੇਅਰਮੈਨ ਨੂੰ ਹਟਾਇਆ ਜਾਵੇ ਅਤੇ ਬੀ.ਪੀ.ਐਸ.ਸੀ. ਦੀ ਪ੍ਰੀਖਿਆ ਪੂਰੀ ਤਰ੍ਹਾਂ ਰੱਦ ਕੀਤੀ ਜਾਵੇ। ਉਮੀਦਵਾਰਾਂ ਦਾ ਦੋਸ਼ ਹੈ ਕਿ ਪ੍ਰੀਖਿਆ ਵਿੱਚ ਧੋਖਾਧੜੀ ਅਤੇ ਬੇਨਿਯਮੀਆਂ ਹੋਈਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। 70ਵੀਂ ਬੀ.ਪੀ.ਐਸ.ਸੀ. ਦੀ ਮੁੜ ਪ੍ਰੀਖਿਆ ਦੀ ਮੰਗ ਨੂੰ ਲੈ ਕੇ ਇਸ ਅੰਦੋਲਨ ਨੇ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।