ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਸਵੇਰ ਤੋਂ ਹੀ ਕਈ ਰਾਸ਼ਟਰੀ ਰਾਜਮਾਰਗ ਅਤੇ ਮੁੱਖ ਮਾਰਗ ਬੰਦ ਹੋ ਗਏ ਅਤੇ ਆਵਾਜਾਈ ਠੱਪ ਹੋ ਗਈ। ਸੂਬੇ ਦੇ ਜ਼ਿਆਦਾਤਰ ਬਾਜ਼ਾਰ ਵੀ ਬੰਦ ਰੱਖੇ ਗਏ ਸਨ ਪਰ ਅੱਜ ਪੰਜਾਬ ਬੰਦ ਦੌਰਾਨ ਪਟਿਆਲਾ ‘ਚ ਪੈਟਰੋਲ ਪੰਪ ਅਤੇ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ ਦੇਖੀਆਂ ਗਈਆਂ।
ਭਾਦਸੋਂ ਰੋਡ ’ਤੇ ਪੈਂਦੇ ਪੈਟਰੋਲ ਪੰਪਾਂ ’ਤੇ ਵਾਹਨਾਂ ’ਚ ਪੈਟਰੋਲ ਭਰਨ ਦਾ ਕੰਮ ਆਮ ਵਾਂਗ ਚੱਲ ਰਿਹਾ ਹੈ ਅਤੇ ਸ਼ਰਾਬ ਦੀਆਂ ਦੁਕਾਨਾਂ ਵੀ ਖੁੱਲ੍ਹੀਆਂ ਪਈਆਂ ਹਨ। ਕੁਝ ਕਰਿਆਨੇ ਦੀ ਦੁਕਾਨ ਦੇ ਮਾਲਕ ਅਤੇ ਇੱਕ ਢਾਬਾ ਮਾਲਕ ਵੀ ਰੁਟੀਨ ਅਨੁਸਾਰ ਆਪਣਾ ਕੰਮ ਕਰ ਰਹੇ ਹਨ। ਦੂਜੇ ਪਾਸੇ ਲੁਧਿਆਣਾ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਉਹ ਲੁਧਿਆਣਾ ਨਾਲ ਸਬੰਧਤ ਸਾਰੇ ਪੈਟਰੋਲ ਪੰਪ ਖੁੱਲ੍ਹੇ ਰੱਖਣਗੇ। ਭਾਵੇਂ ਐਸੋਸੀਏਸ਼ਨ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਕੇਂਦਰ ਨੂੰ ਉਨ੍ਹਾਂ ਦਾ ਮਸਲਾ ਹੱਲ ਕਰਨ ਦੀ ਅਪੀਲ ਕੀਤੀ, ਪਰ ਇਹ ਵੀ ਕਿਹਾ ਕਿ ਆਮ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹੇ ਦੇ ਸਾਰੇ ਪੈਟਰੋਲ ਪੰਪ ਖੁੱਲ੍ਹੇ ਰੱਖੇ ਜਾਣਗੇ।