ਪਟਿਆਲਾ, 22 ਦਸੰਬਰ:
ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਨਿਗਮ ਚੋਣਾਂ ਵਿੱਚ ਭਾਜਪਾ ਵਲੋਂ ਬਣਾਏ ਗਏ ਦਹਿਸ਼ਤ ਦੇ ਮਾਹੌਲ ਦੇ ਬਾਵਜੂਦ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਸੁਣਾਇਆ ਹੈ। ਕੋਹਲੀ ਨੇ ਕਿਹਾ ਸ਼ਾਹੀ ਪਰਿਵਾਰ ਤਿੰਨ ਸਾਲਾਂ ਵਿੱਚ ਲੋਕ ਸਭਾ ਤੋਂ ਲੈ ਕੇ ਕੌਂਸਲਰ ਤੱਕ ਤਿੰਨ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰਿਆ ਹੈ। ਹਰ ਥਾਂ ਅਸਫਲਤਾ ਦਾ ਸਾਹਮਣਾ ਕਰਨ ਵਾਲੇ ਸ਼ਾਹੀ ਪਰਿਵਾਰ ਨਿਗਮ ਚੋਣਾਂ ਵਿੱਚ ਮਾਹੌਲ ਖਰਾਬ ਕਰਨ ਲਈ ਕੇਂਦਰ ਦੇ ਮੰਤਰੀਆਂ ਤੱਕ ਦਾ ਵੀ ਸਹਾਰਾ ਲਿਆ ਪਰ ਲੋਕਾਂ ਨੇ ਇਹਨਾਂ ਨੂੰ ਬੁਰੀ ਤਰ੍ਹਾਂ ਹਰਾ ਕੇ ਕਰਾਰਾ ਜਵਾਬ ਦੇ ਦਿੱਤਾ ਹੈ।
ਵਿਧਾਇਕ ਨੇ ਕਿਹਾ ਕਿ ਸ਼ਹਿਰੀ ਹਲਕੇ ਵਿੱਚ ਘੱਟ ਵੋਟਿੰਗ ਹੋਣ ਲਈ ਸਿਰਫ ਭਾਰਤੀ ਜਨਤਾ ਪਾਰਟੀ ਦੇ ਆਗੂ ਜਿੰਮੇਵਾਰ ਹਨ ਕਿਉਂਕਿ ਇਹਨਾਂ ਵੱਲੋਂ ਹੀ ਪਹਿਲੇ ਦਿਨ ਤੋਂ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਗਿਆ।
ਵਿਧਾਇਕ ਅਜੀਤ ਪਾਲ ਸਿੰਘ ਕੋਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮਕਸਦ ਸ਼ਹਿਰ ਦਾ ਵਿਕਾਸ ਹੈ। ਇਸੇ ਤਹਿਤ ਹੀ ਸਮੂਹ ਵਾਰਡਾਂ ਦੇ ਕੌਂਸਲਰਾਂ ਦੇ ਸਹਿਯੋਗ ਨਾਲ ਸਮੁੱਚੇ ਸ਼ਹਿਰ ਦਾ ਸਰਵ ਪੱਖੀ ਵਿਕਾਸ ਕੀਤਾ ਜਾਵੇਗਾ। ਪਟਿਆਲਾ ਨੂੰ ਨਵਾਂ ਮੇਅਰ ਦੇਣ ਦੇ ਸਵਾਲ ਤੇ ਵਿਧਾਇਕ ਕੋਹਲੀ ਨੇ ਕਿਹਾ ਕਿ ਇਸ ਸਬੰਧੀ ਫੈਸਲਾ ਪਾਰਟੀ ਪੱਧਰ ਤੇ ਹੋਵੇਗਾ। ਇੱਕ ਸਵਾਲ ਦੇ ਜਵਾਬ ਵਿੱਚ ਵਿਧਾਇਕ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਹਰ ਕਿਸੇ ਲਈ ਹਮੇਸ਼ਾ ਖੁੱਲੇ ਹਨ। ਜੇਕਰ ਸ਼ਹਿਰ ਦੇ ਵਿਕਾਸ ਲਈ ਕੋਈ ਵੀ ਕੌਂਸਲਰ ਪਾਰਟੀ ਵਿੱਚ ਆਉਣਾ ਚਾਹੁੰਦਾ ਹੈ ਤਾਂ ਉਸਦਾ ਨਿੱਘਾ ਸਵਾਗਤ ਕਰਾਂਗੇ। ਇਸ ਮੌਕੇ ਨਵੇਂ ਚੁਣੇ ਗਏ ਕੌਂਸਲਰ ਗੁਰਜੀਤ ਸਿੰਘ ਸਾਹਨੀ, ਤਜਿੰਦਰ ਮਹਿਤਾ,ਕੁੰਦਨ ਗੋਗੀਆ, ਰਮਨਪ੍ਰੀਤ ਜੋਨੀ ਕੋਹਲੀ, ਇਤਵਿੰਦਰ ਸਿੰਘ ਲੁਥਰਾ, ਹਰਪ੍ਰੀਤ ਸਿੰਘ ਹਰਮਨ ਸਮੇਤ ਹੋਰ ਕੌਂਸਲਰ ਮੌਜੂਦ ਰਹੇ।