ਪੰਜਾਬ ਸਰਕਾਰ ਦੀ ਰਹਿਨੁਮਾਈ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਾਲੀਦਾਸ ਆਡੀਟੋਰੀਅਮ (ਐੱਨ.ਜੈੱਡ.ਸੀ.ਸੀ.) ਭਾਸ਼ਾ ਭਵਨ ਪਟਿਆਲਾ ਵਿਖੇ ਕੌਮੀ ਮੁਸ਼ਾਇਰਾ ਕਰਵਾਇਆ ਗਿਆ ਜਿਸ ਵਿੱਚ ਉਰਦੂ ਦੇ ਨਾਮਵਰ ਸ਼ਾਇਰਾ ਨੇ ਆਪਣੇ ਕਲਾਮ ਪੇਸ਼ ਕਰਕੇ ਭਾਈਚਾਰਕ ਸਾਂਝ, ਮੁਹੱਬਤ ਤੇ ਏਕਤਾ ਦਾ ਪੈਗਾਮ ਦਿੱਤਾ। ਇਸ ਮੁਸ਼ਾਇਰੇ ਦੀ ਪ੍ਰਧਾਨਗੀ ਸ਼੍ਰੋਮਣੀ ਉਰਦੂ ਸਾਹਿਤਕਾਰ ਡਾ. ਅਜ਼ੀਜ਼ ਪਰਿਹਾਰ ਨੇ ਕੀਤੀ। ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮੁਸ਼ਾਇਰੇ ਦਾ ਵੱਡੀ ਗਿਣਤੀ ’ਚ ਸਾਹਿਤ ਰਸੀਆ ਨੇ ਆਨੰਦ ਮਾਣਿਆ।
ਸ. ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸਵਾਗਤੀ ਭਾਸ਼ਨ ਦੌਰਾਨ ਕਿਹਾ ਕਿ ਪੰਜਾਬੀ ਵਿੱਚ ਗਜ਼ਲ ਵਰਗੀ ਦਿਲਚਸਪ ਵਿਧਾ ਦੀ ਆਮਦ ਉਰਦੂ ਰਾਹੀਂ ਹੋਈ ਹੈ। ਉਰਦੂ ਦੀ ਪੈਦਾਇਸ਼ ਵੀ ਪੰਜਾਬ ’ਚੋਂ ਹੀ ਹੋਈ ਹੈ ਅਤੇ ਕਿਸੇ ਸਮੇਂ ਉਰਦੂ ਜ਼ੁਬਾਨ ਦਾ ਪੰਜਾਬ ’ਚ ਬਹੁਤ ਬੋਲਬਾਲਾ ਰਿਹਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਸਿਆਸੀ ਚਾਲਾਂ ਦੀ ਬਦੌਲਤ ਸਾਡੀਆਂ ਖੂਬਸੂਰਤ ਭਾਸ਼ਾਵਾਂ ਨੂੰ ਵੱਖ-ਵੱਖ ਫਿਰਕਿਆਂ ਨਾਲ ਜੋੜ ਦਿੱਤਾ ਗਿਆ। ਕਈ ਵਾਰ ਜਾਪਿਆ ਕਿ ਉਰਦੂ ਨੂੰ ਪੰਜਾਬ ਤੋਂ ਬੇਦਖਲ ਕਰ ਦਿੱਤਾ ਗਿਆ ਪਰ ਇਹ ਇਸ ਭਾਸ਼ਾ ਦੀ ਤਾਕਤ ਹੈ ਕਿ ਇਹ ਭਾਸ਼ਾ ਅਜੇ ਪੰਜਾਬੀਆਂ ਦੇ ਦਿਲਾਂ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਪੰਜਾਬੀ, ਉਰਦੂ, ਹਿੰਦੀ ਤੇ ਸੰਸਕ੍ਰਿਤ ਇੱਕ-ਦੂਜੇ ਦੀਆਂ ਪੂਰਕ ਹਨ ਅਤੇ ਇਨ੍ਹਾਂ ਨੇ ਆਪਸੀ ਅਦਾਨ ਪ੍ਰਦਾਨ ਨਾਲ ਵਧੇਰੇ ਵਿਕਾਸ ਕੀਤਾ ਹੈ। ਇਸੇ ਮਨੋਰਥ ਦੀ ਪੂਰਤੀ ਲਈ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਦੇ ਨਾਲ-ਨਾਲ ਉਰਦੂ, ਹਿੰਦੀ ਅਤੇ ਸੰਸਕ੍ਰਿਤ ਭਾਸ਼ਾ ਨੂੰ ਢੁਕਵਾਂ ਸਥਾਨ ਦੇਣ ਲਈ ਮਿਆਰੀ ਸਮਾਗਮ ਰਚਾਏ ਜਾਂਦੇ ਹਨ ਅਤੇ ਹੋਰ ਵੀ ਉਪਰਾਲੇ ਕੀਤੇ ਜਾਂਦੇ ਹਨ।
ਸਮਾਗਮ ਦੇ ਪ੍ਰਧਾਨ ਡਾ. ਅਜ਼ੀਜ਼ ਪਰਿਹਾਰ ਨੇ ਕਿਹਾ ਕਿ ਜ਼ਿੰਦਗੀ ਦੀਆਂ ਤਲਖੀਆਂ ਤੋਂ ਰਾਹਤ ਦਿਵਾਉਣ ਲਈ ਸਾਨੂੰ ਸ਼ਾਇਰੀ ਦਾ ਸਹਾਰਾ ਲੈਣਾ ਚਾਹੀਦਾ ਹੈ। ਇਹ ਜ਼ਿੰਦਗੀ ਦੇ ਹਰ ਪੜਾਅ ’ਤੇ ਸਕੂਨ ਦੇਣ ਦੀ ਸਮਰੱਥਾ ਰੱਖਦੀ ਹੈ। ਜਿਸ ਵਿਅਕਤੀ ਦਾ ਸੰਗੀਤ ਤੇ ਸ਼ਾਇਰੀ ਨਾਲ ਲਗਾਓ ਹੈ ਉਸ ਦੀ ਜ਼ਿੰਦਗੀ ’ਚ ਕਦੇ ਵੀ ਨੀਰਸਤਾ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਸ਼ਾਇਰੀ ਸਿਰਜਣ ਵਾਲੇ ਨੂੰ ਵੀ ਸਮਾਜ ’ਚ ਵੱਖਰੀ ਪਹਿਚਾਣ ਦਿੰਦੀ ਹੈ ਅਤੇ ਸ਼ਾਇਰ ਦੇਸ਼ ਦੀ ਏਕਤਾ, ਅਖੰਡਤਾ ਤੇ ਭਾਈਚਾਰਕ ਸਾਂਝ ’ਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਕੌਮੀ ਮੁਸ਼ਾਇਰੇ ਦੀ ਸ਼ਲ਼ਾਘਾ ਕਰਦਿਆਂ ਕਿਹਾ ਕਿ ਪੰਜਾਬ ’ਚ ਉਰਦੂ ਜ਼ੁਬਾਨ ਨੂੰ ਜ਼ਿੰਦਾ ਰੱਖਣ ’ਚ ਇਸ ਦਾ ਬਹੁਤ ਅਹਿਮ ਯੋਗਦਾਨ ਹੈ। ਉਨ੍ਹਾਂ ਅਪੀਲ ਕੀਤੀ ਕਿ ਅਜੋਕੇ ਦੌਰ ’ਚ ਨਵੀਂ ਪੀੜ੍ਹੀ ਨੂੰ ਅਦਬ ਨਾਲ ਜੋੜਨ ਲਈ ਅਜਿਹੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਹਨ।
ਮੁਸ਼ਾਇਰੇ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਆਈ ਸ਼ਹਿਨਾਜ਼ ਭਾਰਤੀ ਨੇ ਆਪਣੇ ਸ਼ੇਅਰ ‘ਹਮੇਂ ਸ਼ਹਿਨਾਜ਼ ਇਤਨਾ ਹੀ ਸਮਝ ਆਇਆ ਮੁਹੱਬਤ ਮੇ ਏਕ ਅਧੂਰਾ ਇਸ਼ਕ ਹੋਤਾ ਹੈ’ ਨਾਲ ਕੀਤੇ। ਪਟਿਆਲਾ ਦੇ ਸ਼ਾਇਰ ਅੰਮ੍ਰਿਤਪਾਲ ਸ਼ੈਦਾ ਨੇ ‘ਮੇਰੇ ਜ਼ਮੀਰ ਕਾ ਦਾਮਨ ਹੈ ਚਾਂਦ ਸਾ ਉਜਲਾ ਜੇ ਥਾਮਨਾ ਹੋ ਇਸੇ ਦਾਗਦਾਰ ਤੋਂ ਨਾ ਕਰੇ’ ਗਜ਼ਲ ਨਾਲ ਮੁਸ਼ਾਇਰੇ ਨੂੰ ਮਘਾ ਦਿੱਤਾ। ਦੇਹਰਾਦੂਨ ਤੋਂ ਪੁੱਜੀ ਸ਼ਾਇਰਾ ਮੋਨਿਕਾ ਅਰੋੜਾ ਮੰਨਤਸ਼ਾ ਨੇ ‘ਬਦਨ ਕੇ ਸਾਥ ਵਿਗੋ ਦੇ ਰੂਹ ਵੀ ਮੇਰੀ ਮੁਝੇ ਵੋ ਬਰਸਾਤ ਨਸੀਬ ਨਹੀਂ ਹੋ ਪਾਈ, ਵੋ ਸਾਹਮਣੇ ਥੇ ਪਰ ਮੁਲਾਕਾਤ ਹੋ ਨਹੀਂ ਪਾਈ’ ਨਾਲ ਮੁਸ਼ਾਇਰੇ ਨੂੰ ਤਨਹਾਈ ਵਾਲੇ ਆਲਮ ’ਚ ਪਹੁੰਚਾ ਦਿੱਤਾ। ਲੁਧਿਆਣਾ ਤੋਂ ਆਏ ਅਮਨ ਜੋਸ਼ੀ ਦੇ ਸ਼ੇਅਰ ‘ਜਲੇਬੀ ਕੋ ਦੇਖ ਕਰ ਖਿਆਲ ਆਇਆ ਕਿ ਉਲਝਣੇ ਵੀ ਮੀਠੀ ਹੋਤੀ ਹੈ’ ਨੇ ਵੀ ਖੁਬ ਦਾਦ ਹਾਸਲ ਕੀਤੀ। ਦਿੱਲੀ ਤੋਂ ਆਏ ਡਾ. ਮੋਇਨ ਸ਼ਦਾਬ ਨੇ ‘ਗਮ ਦੇਤੀ ਹੈ ਦੁਨੀਆ ਤੋਂ ਮੈਂ ਆਤਾ ਹੂੰ ਤੇਰੇ ਪਾਸ, ਤੂੰ ਨੇ ਦਿਆ ਗਮ ਤੋਂ ਕਹਾਂ ਕਾ ਨਹੀਂ ਰਹੂਗਾ’ ਗਜ਼ਲ ਨਾਲ ਅਤੇ ਉਸਮਾਨ ਉਸਮਾਨੀ ਕਿਰਾਨਾ (ਉੱਤਰ ਪ੍ਰਦੇਸ਼) ਨੇ ‘ਵਫਾਏ ਹੁਸਨ ਕੇ ਬਾਰੇ ਮੇਂ ਸੋਚਤੇ ਕਬ ਤੱਕ ਯੇ ਫੈਸਲਾ ਤੋਂ ਮੁਕੱਦਰ ਪੇ ਲਾ ਕੇ ਛੋੜ ਦਿਆ’ ਨਾਲ ਮੁਸ਼ਾਇਰੇ ਨੂੰ ਚਾਰ ਚੰਨ ਲਗਾ ਦਿੱਤੇ। ਜਲੰਧਰ ਤੋਂ ਆਈ ਸ਼ਾਇਰਾ ਰੇਣੂ ਨਈਅਰ ਨੇ ‘ਕਿਸੀ ਕੀ ਬਾਤ ਮੇਂ ਆ ਕਰ ਮਤ ਆਨਾ, ਮੇਰੇ ਹਾਲਾਤ ਪਰ ਜੋ ਰਹਿਮ ਖਾਣਾ ਹੋ ਤੋ ਮੱਤ ਆਨਾ’ ਨਾਲ ਰੰਗ ਬੰਨਿਆ। ਅਮਰੀਕਾ ਤੋਂ ਆਏ ਡਾ. ਸ਼ਸ਼ੀਕਾਂਤ ਉੱਪਲ ਨੇ ਆਪਣੀ ਗਜ਼ਲ ‘ਇਸ਼ਕ ਕੀ ਰਸਮ ਨਿਭਾਨੇ ਮੇਂ ਬਹੁਤ ਦੇਰ ਲੱਗੀ, ਬਾਤ ਕੋ ਬਾਤ ਬਨਾਨੇ ਮੇਂ ਬਹੁਤ ਦੇਰ ਲਗੀ’ ਅਤੇ ਦੋਹਿਆਂ ਨਾਲ ਸਮਾਗਮ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਡਾ. ਅਫ਼ਜਲ ਮੰਗਲੋਰੀ (ਉੱਤਰਾਖੰਡ) ਨੇ ‘ਖੁਦ ਸ਼ਮਾ ਕਹਿ ਉੱਠੇ ਮੁਝੇ ਪਰਵਾਨਾ ਚਾਹਿਏ, ਮੁਝੇ ਨਿਗਾਹੇ ਮਸਤ ਕਾ ਨਜ਼ਰਾਨਾ ਚਾਹਿਏ’ ਗਜ਼ਲ ਨੂੰ ਤਰੰਨੁਮ ’ਚ ਗਾ ਕੇ ਮਾਹੌਲ ਨੂੰ ਸੰਗੀਤਕ ਬਣਾ ਦਿੱਤਾ।
ਇਸ ਤੋਂ ਇਲਾਵਾ ਜਗਜੀਤ ਕਾਫ਼ਿਰ ਲੁਧਿਆਣਾ, ਪਰਵਿੰਦਰ ਸ਼ੋਖ ਪਟਿਆਲਾ, ਮੁਕੇਸ਼ ਆਲਮ ਲੁਧਿਆਣਾ, ਸ਼ਹਿਨਾਜ਼ ਭਾਰਤੀ ਚੰਡੀਗੜ੍ਹ, ਖੁਸ਼ਬੂ ਪ੍ਰਵੀਨ ਰਾਮਪੁਰ (ਉੱਤਰ ਪ੍ਰਦੇਸ਼), ਜੁਨੇਦ ਅਖ਼ਤਰ ਕਾਂਧਲਾ (ਉੱਤਰ ਪ੍ਰਦੇਸ਼) ਨੇ ਵੀ ਆਪਣੇ ਖੂਬਸੂਰਤ ਕਲਾਮ ਪੇਸ਼ ਕੀਤੇ। ਡਾ. ਮੋਇਨ ਸ਼ਾਦਾਬ ਦਿੱਲੀ ਨੇ ਮੁਸ਼ਾਇਰਾ ਦਾ ਸ਼ਾਨਦਾਰ ਸੰਚਾਲਨ ਕੀਤਾ। ਸਹਾਇਕ ਨਿਰਦੇਸ਼ਕ ਅਸਰਫ਼ ਮਹਿਮੂਦ ਨੰਦਨ ਨੇ ਸਭ ਦਾ ਧੰਨਵਾਦ ਕੀਤਾ। ਸਮਾਗਮ ਦਾ ਮੰਚ ਸੰਚਾਲਨ ਡਾ. ਸੁਖਦਰਸ਼ਨ ਸਿੰਘ ਚਹਿਲ ਖੋਜ ਅਫ਼ਸਰ ਨੇ ਕੀਤਾ। ਸਾਰੇ ਹੀ ਸ਼ਾਇਰਾ ਨੂੰ ਵਿਭਾਗ ਵੱਲੋਂ ਸ਼ਾਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਆਲੋਚਕ ਡਾ. ਸੁਰਜੀਤ ਸਿੰਘ ਭੱਟੀ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਸ਼੍ਰੋਮਣੀ ਕਵੀ ਬਲਵਿੰਦਰ ਸੰਧੂ, ਡਾ. ਅਮਰਜੀਤ ਕੌਂਕੇ, ਇੰਦਰਜੀਤ ਸਿੰਘ ਮੁੱਖ ਇੰਜੀਨੀਅਰ, ਜ਼ਮੀਰ ਅਲੀ ਜ਼ਮੀਰ, ਡਾ. ਅਨਵਾਰ ਅਜ਼ਹਰ, ਜ਼ਮੀਰ ਅਲੀ ਸਮੀਰ, ਸ਼ੋਇਬ ਮਲਿਕ, ਅਵਤਾਰਜੀਤ, ਮੋਹਨ ਕੰਬੋਜ, ਗੋਪਾਲ ਸ਼ਰਮਾ, ਨਵਦੀਪ ਮੁੰਡੀ, ਗੁਰਵਿੰਦਰ ਅਮਨ ਤੇ ਹੋਰ ਬਹੁਤ ਸਾਰੀਆਂ ਨਾਮਵਰ ਸ਼ਖਸ਼ੀਅਤਾਂ ਹਾਜ਼ਰ ਸਨ।
ਤਸਵੀਰ:- ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਮੁਸ਼ਾਇਰੇ ’ਚ ਸ਼ਮੂਲੀਅਤ ਕਰਨ ਵਾਲੇ ਸ਼ਾਇਰ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਤੇ ਸਹਾਇਕ ਨਿਰਦੇਸ਼ਕ ਅਸ਼ਰਫ ਮਹਿਮੂਦ ਨੰਦਨ ਨਾਲ ਯਾਦਗਾਰੀ ਤਸਵੀਰ ਖਿਚਵਾਉਣ ਮੌਕੇ।