ਭਾਦਸੋਂ, 13 ਦਸੰਬਰ:
21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਵਰਤੀਆਂ ਜਾਣ ਵਾਲੀਆ ਈ.ਵੀ.ਐਮਜ਼ ਨੂੰ ਰੱਖਣ ਲਈ ਬਣਾਏ ਗਏ ਸਟਰਾਂਗ ਰੂਮ ਦਾ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਵੱਲੋਂ ਨਿਰੀਖਣ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਉਨ੍ਹਾਂ ਨਗਰ ਪੰਚਾਇਤ ਭਾਦਸੋਂ ਲਈ ਸਕੂਲ ਆਫ਼ ਐਮੀਨੈਂਸ ਭਾਦਸੋਂ ਵਿਖੇ ਬਣਾਏ ਗਏ ਸਟਰਾਂਗ ਰੂਮ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਪੰਚਾਇਤ ਭਾਦਸੋਂ ਦੇ ਰਿਟਰਨਿੰਗ ਅਧਿਕਾਰੀ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਵੀ ਮੌਜੂਦ ਸਨ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਈ.ਵੀ.ਐਮਜ਼ ਰੱਖਣ ਲਈ 13 ਸਟਰਾਂਗ ਰੂਮ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਚੋਣਾਂ ਲਈ ਈ.ਵੀ.ਐਮਜ਼ ਰੱਖਣ ਲਈ ਥਾਪਰ ਯੂਨੀਵਰਸਿਟੀ, ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ, ਸਰਕਾਰੀ ਸੀ.ਸੈ. ਸਕੂਲ ਮਲਟੀਪਰਪਜ਼ ਤੇ ਜਮਨੇਜ਼ੀਅਮ ਹਾਲ ਰਾਜਾ ਭਾਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਵਿਖੇ ਸਟਰਾਂਗ ਰੂਮ ਬਣਾਏ ਗਏ ਹਨ। ਇਸ ਤੋਂ ਇਲਾਵਾ ਨਗਰ ਕੌਂਸਲ ਸਨੌਰ ਦਾ ਸਟਰਾਂਗ ਰੂਮ ਸਰਕਾਰੀ ਬਹੁਤਕਨੀਕੀ ਕਾਲਜ ਐਸਐਸਟੀ ਨਗਰ ਪਟਿਆਲਾ ਵਿਖੇ, ਨਗਰ ਪੰਚਾਇਤ ਦੇਵੀਗੜ੍ਹ ਦਾ ਸਟਰਾਂਗ ਰੂਮ ਤਹਿਸੀਲ ਕੰਪਲੈਕਸ ਦੁਧਨਸਾਧਾਂ ਵਿਖੇ, ਨਗਰ ਪੰਚਾਇਤ ਘਨੌਰ ਦਾ ਸਟਰਾਂਗ ਰੂਮ ਯੂਨੀਵਰਸਿਟੀ ਕਾਲਜ ਘਨੌਰ ਵਿਖੇ ਤੇ ਨਗਰ ਪੰਚਾਇਤ ਭਾਦਸੋਂ ਦਾ ਸਟਰਾਂਗ ਰੂਮ ਸਕੂਲ ਆਫ਼ ਐਮੀਨੈਂਸ ਭਾਦਸੋਂ ਵਿਖੇ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਰਾਜਪੁਰਾ ਲਈ ਸਟਰਾਂਗ ਰੂਮ ਤਹਿਸੀਲ ਕੰਪਲੈਕਸ ਰਾਜਪੁਰਾ, ਨਗਰ ਕੌਂਸਲ ਸਮਾਣਾ ਦਾ ਸਟਰਾਂਗ ਰੂਮ ਤਹਿਸੀਲ ਦਫ਼ਤਰ ਸਮਾਣਾ, ਨਗਰ ਕੌਂਸਲ ਪਾਤੜਾਂ ਦਾ ਸਟਰਾਂਗ ਰੂਮ ਤਹਿਸੀਲ ਕੰਪਲੈਕਸ ਪਾਤੜਾਂ ਤੇ ਨਗਰ ਕੌਂਸਲ ਨਾਭਾ ਦਾ ਸਟਰਾਂਗ ਰੂਮ ਪ੍ਰਬੰਧਕੀ ਕੰਪਲੈਕਸ ਨਾਭਾ ਵਿਖੇ ਬਣਾਇਆ ਗਿਆ ਹੈ।
ਇਸ ਮੌਕੇ ਡਾ. ਪ੍ਰੀਤੀ ਯਾਦਵ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਹ ਚੋਣਾਂ ਆਜ਼ਾਦਾਨਾ, ਨਿਰਪੱਖ ਤੇ ਪੂਰੀ ਪਾਰਦਰਸ਼ਤਾ ਨਾਲ ਕਰਵਾਉਣੀਆਂ ਯਕੀਨੀ ਬਨਾਉਣ ਲਈ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਨਿਯਮਾਂ ਦੀ ਇੰਨ ਬਿੰਨ ਪਾਲਣਾ ਸਖ਼ਤੀ ਨਾਲ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਅੰਦਰ 21 ਦਸੰਬਰ ਨੂੰ ਨਗਰ ਨਿਗਮ, ਨਗਰ ਕੌਂਸਲ ਸਨੌਰ ਸਮੇਤ ਨਗਰ ਪੰਚਾਇਤਾਂ ਘਨੌਰ, ਦੇਵੀਗੜ੍ਹ, ਭਾਦਸੋਂ ਤੇ ਘੱਗਾ ਦੀਆਂ ਆਮ ਚੋਣਾਂ ਤੋਂ ਇਲਾਵਾ ਸਮਾਣਾ, ਰਾਜਪੁਰਾ, ਨਾਭਾ ਤੇ ਪਾਤੜਾਂ ਨਗਰ ਕੌਂਸਲਾਂ ਦੀ ਇੱਕ-ਇੱਕ ਵਾਰਡ ਵਿੱਚ ਉਪ ਚੋਣ ਹੋ ਰਹੀ ਹੈ।