ਪਟਿਆਲਾ 22 ਸਤੰਬਰ, 2026 (ਛੱਤਰਪਾਲ ਸਿੰਘ): ਸਿਵਲ ਸਰਜਨ ਦਫ਼ਤਰ, ਪਟਿਆਲਾ ਵੱਲੋਂ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਹ ਮੁਹਿੰਮ ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਟਲੀ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਡਾ. ਇੰਦਰਪ੍ਰੀਤ ਰੰਧਾਵਾ ਦੀ ਅਗਵਾਈ ਹੇਠ ਚਲਾਈ ਗਈ। ਇਸ ਦੌਰਾਨ ਟੀਮ ਵੱਲੋਂ ਰਾਜਿੰਦਰਾ ਹਸਪਤਾਲ, ਸਰਕਾਰੀ ਮੈਡੀਕਲ ਕਾਲਜ, ਅਮਰ ਹਸਪਤਾਲ ਦੇ ਨੇੜੇ, ਇਨਕਮ ਟੈਕਸ ਦਫ਼ਤਰ ਦੇ ਬਾਹਰ ਅਤੇ ਬਡੂੰਗਰ ਰੋਡ ਆਦਿ ਇਲਾਕਿਆਂ ਵਿੱਚ ਸਥਿਤ ਖੋਖਿਆਂ ‘ਚ ਵਿਸ਼ੇਸ਼ ਜਾਂਚ ਕੀਤੀ ਗਈ।

ਡਾ. ਇੰਦਰਪ੍ਰੀਤ ਰੰਧਾਵਾ ਨੇ ਦੱਸਿਆ ਕਿ ਜਾਂਚ ਦੌਰਾਨ ਕੋਟਪਾ ਐਕਟ ਦੀ ਧਾਰਾ 4 ਦੀ ਉਲੰਘਣਾ ਕਰਨ ਵਾਲਿਆਂ ਦੇ 11 ਚਲਾਨ ਕੱਟੇ ਗਏ, ਜਿਨ੍ਹਾਂ ਤੋਂ 2,100 ਰੁਪਏ ਜੁਰਮਾਨਾ ਵਸੂਲਿਆ ਗਿਆ। ਵਿਭਾਗ ਵੱਲੋਂ ਸਪਸ਼ਟ ਕੀਤਾ ਗਿਆ ਕਿ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਸਖ਼ਤ ਕਾਰਵਾਈ ਜਾਰੀ ਰਹੇਗੀ। ਇਸ ਮੌਕੇ ਟੀਮ ਵੱਲੋਂ ਆਮ ਲੋਕਾਂ ਅਤੇ ਖੋਖਾ ਮਾਲਕਾਂ ਨੂੰ ਸਿਗਰਟਨੋਸ਼ੀ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਕਰਨ ਅਤੇ ਪੈਸਿਵ ਸਮੋਕਿੰਗ (ਦੂਜਿਆਂ ਵੱਲੋਂ ਕੀਤੇ ਧੂੰਏਂ ਦਾ ਸੇਵਨ) ਨਾਲ ਹੋਣ ਵਾਲੇ ਸਿਹਤ ’ਤੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਡਾ. ਇੰਦਰਪ੍ਰੀਤ ਰੰਧਾਵਾ ਨੇ ਦੱਸਿਆ ਕਿ ਅਜਿਹੀਆਂ ਚੈਕਿੰਗਾਂ ਆਉਣ ਵਾਲੇ ਦਿਨਾਂ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ ਤਾਂ ਜੋ ਤੰਬਾਕੂ ਰਹਿਤ ਸਮਾਜ ਯਕੀਨੀ ਬਣਾਇਆ ਜਾ ਸਕੇ। ਇਸ ਮੁਹਿੰਮ ਦੌਰਾਨ ਸਿਵਲ ਸਰਜਨ ਦਫ਼ਤਰ ਤੋਂ ਐੱਮ.ਪੀ.ਐਚ.ਐਸ. ਅਨਿਲ ਗੁਰੂ ਅਤੇ ਖੁਸ਼ਬੀਰ ਵੀ ਮੌਜੂਦ ਸਨ।